ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਛੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਡਟ ਗਏ ਹਨ। ਹਾਈਕਮਾਨ ਦੀ ਘੁਰਕੀ ਦੇ ਬਾਵਜੂਦ ਛੇ ਵਿਧਾਇਕ ਖਹਿਰਾ ਦੇ ਬਠਿੰਡਾ ਵਿੱਚ ਹੋ ਰਹੇ ਸ਼ਕਤੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਹਨ। ਵਿਧਾਇਕ ਨਾਜਰ ਸਿੰਘ ਨੇ ਦਾਅਵਾ ਕੀਤਾ ਕਿ ਖਹਿਰਾ ਸਣੇ ਸੱਤ ਵਿਧਾਇਕ ਕਨਵੈਨਸ਼ਨ ਵਿੱਚ ਹਿੱਸਾ ਲੈ ਰਹੇ ਹਨ। ਇਸ ਸਮੇਂ ਉਨ੍ਹਾਂ ਨਾਲ ਵਿਧਾਇਕ ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਕਮਾਲੂ, ਜਗਦੇਵ ਸਿੰਘ ਜੱਗਾ ਹਿੱਸੋਵਾਲ, ਨਾਜਰ ਸਿੰਘ ਮਾਨਸ਼ਾਹੀਆ, ਕੰਵਰ ਸੰਧੂ, ਪਿਰਮਲ ਸਿੰਘ ਮੌਜੂਦ ਹਨ।   ਹਾਲਾਂਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਵਿਧਾਇਕਾਂ ਦੀ ਗਿਣਤੀ ਵੱਧ ਸੀ। ਇਸ ਮਗਰੋਂ ਹਾਈਕਮਾਨ ਨੇ ਸਖਤੀ ਕਰ ਦਿੱਤੀ ਜਿਸ ਕਰਕੇ ਦੋ ਵਿਧਾਇਕ ਖਹਿਰਾ ਦਾ ਸਾਥ ਛੱਡ ਗਏ। ਉਧਰ ਕੇਜਰੀਵਾਲ ਨੇ ਸਾਰੇ ਵਿਧਾਇਕਾਂ ਦੀ ਦਿੱਲੀ ਵਿੱਚ ਮੀਟਿੰਗ ਬੁਲਾਈ ਹੋਈ ਹੈ। ਇਸ ਦਾ ਮਕਸਦ ਵਿਧਾਇਕਾਂ ਨੂੰ ਖਹਿਰਾ ਦੀ ਰੈਲੀ ਵਿੱਚ ਪਹੁੰਚਣ ਤੋਂ ਰੋਕਣਾ ਹੈ। ਛੇ ਵਿਧਾਇਕਾਂ ਨੇ ਕੇਜਰੀਵਾਲ ਦਾ ਸੱਦਾ ਠੁਕਰਾ ਦਿੱਤਾ ਹੈ। ਇਸ ਬਾਰੇ ਖਹਿਰਾ ਨਾਲ ਡਟੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਇਹ ਬਗਾਵਤ ਦੀ ਰੈਲੀ ਨਹੀਂ ਬਲਕਿ ਪਾਰਟੀ ਅੰਦਰ ਰਹਿ ਕੇ ਪਾਰਟੀ ਵੱਲੋਂ ਇੱਕ ਮੰਗ ਕਰਨ ਦੀ ਰੈਲੀ ਹੈ। ਸੁਖਪਾਲ ਖਹਿਰਾ ਵੱਲੋਂ ਕੀਤੀ ਇਸ ਬਗਾਵਤ ਰੈਲੀ ਵਿੱਚ ਵੱਡੀ ਗਿਣਤੀ ਵਰਕਰ ਤੇ ਲੀਡਰ ਪਹੁੰਚੇ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਵਲੰਟੀਅਰਜ਼ ਪੂਰੇ ਜੋਸ਼ ਨਾਲ ਬਠਿੰਡਾ ਰੈਲੀ ਵਿੱਚ ਪਹੁੰਚੇ।