ਬਠਿੰਡਾ: ਆਮ ਆਦਮੀ ਪਾਰਟੀ ਤੋਂ ਸਾਬਕਾ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਅੱਜ ਬਠਿੰਡਾ ਵਿੱਚ ਕਨਵੈਨਸ਼ਨ ਰੱਖੀ ਹੈ। ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਖਹਿਰਾ ਨੂੰ ਜਿੱਥੇ ਆਪਣੀ ਪਾਰਟੀ ਦੇ ਕਈ ਵਿਧਾਇਕਾਂ ਵੱਲੋਂ ਮਿਲਣ ਵਾਲਾ 'ਜ਼ੋਰਦਾਰ' ਹੁੰਗਾਰਾ ਹੁਣ ਮੱਠਾ ਪੈਣ ਦੇ ਆਸਾਰ ਹਨ, ਉੱਥੇ ਹੀ ਖਹਿਰਾ ਥੜੇ ਨੂੰ ਮੁਤਵਾਜੀ ਜਥੇਦਾਰਾਂ ਦਾ ਥਾਪੜਾ ਮਿਲ ਗਿਆ ਹੈ।
ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਖਹਿਰਾ ਦੀ ਹਮਾਇਤ ਵਿੱਚ ਕਿਹਾ ਕਿ ਬਠਿੰਡਾ ਰੈਲੀ ਪੰਜਾਬ ਦੇ ਹਿਤਾਂ ਲਈ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦਾ ਮੰਤਵ 'ਰਿਮੋਟ ਕੰਟ੍ਰੋਲ' ਵਾਲੀ ਸਿਆਸਤ ਵਿਰੁੱਧ ਹੈ, ਇਸ ਲਈ ਸਾਰੇ ਪੰਜਾਬੀਆਂ ਨੂੰ ਲੋਕ ਹਿਤਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਉਨ੍ਹਾਂ ਖਹਿਰਾ ਵੱਲੋਂ ਬਰਗਾੜੀ ਮੋਰਚੇ ਦਾ ਸਮਰਥਨ ਕੀਤੇ ਜਾਣ ਦਾ ਧੰਨਵਾਦ ਵੀ ਕੀਤਾ ਜਦਕਿ ਪਾਰਟੀ ਹਾਈਕਮਾਨ ਨੇ ਖਹਿਰਾ ਨੂੰ ਵਰਜਿਆ ਸੀ।
ਵੀਰਵਾਰ ਨੂੰ ਖਹਿਰਾ ਬਠਿੰਡਾ ਦੀ ਥਰਮਲ ਕਲੋਨੀ ਦੇ ਖੇਡ ਸਟੇਡੀਅਮ ਵਿੱਚ ਰੈਲੀ ਕਰ ਰਹੇ ਹਨ। ਇਸ ਕਨਵੈਨਸ਼ਨ ਲਈ ਪੰਡਾਲ ਸਜ ਚੁੱਕਾ ਹੈ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਾਥੀਆਂ ਸਮੇਤ ਬੀਤੇ ਕੱਲ੍ਹ ਇਸ ਦਾ ਮੁਆਇਨਾ ਵੀ ਕੀਤਾ। ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਵੀ ਖਹਿਰਾ ਧੜੇ ਦੀ ਰੈਲੀ ਨੂੰ ਲੋੜੀਂਦੀਆਂ ਪ੍ਰਵਾਨਗੀਆਂ ਦੇ ਦਿੱਤੀਆਂ ਹਨ।
ਥਰਮਲ ਦੇ ਖੇਡ ਸਟੇਡੀਅਮ ਦੇ ਮੁੱਖ ਸੜਕ ਵਾਲੇ ਗੇਟ ਨੂੰ ਅੱਜ ਖੋਲ੍ਹ ਦਿੱਤਾ ਗਿਆ ਹੈ। ਰੈਲੀ ਦੇ ਪ੍ਰਬੰਧਕ ਦੀਪਕ ਬਾਂਸਲ ਨੇ ਬੀਤੇ ਕੱਲ੍ਹ ਦੱਸਿਆ ਸੀ ਕਿ ਪੰਡਾਲ ਵਿੱਚ 8 ਤੋਂ 10 ਹਜ਼ਾਰ ਕੁਰਸੀ ਲਗਾਈ ਜਾ ਰਹੀ ਹੈ ਅਤੇ ਕਈ ਹਲਕਿਆਂ ਵਿਚ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਰੈਲੀ ਦੇ ਇੰਤਜ਼ਾਮ ਮੁਕੰਮਲ ਹੋ ਗਏ ਹਨ।
ਬੀਤੇ ਕੱਲ੍ਹ ਜਦ ਖਹਿਰਾ ਸਟੇਡੀਅਮ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਸਨ ਤਾਂ ਉਨ੍ਹਾਂ ਦੀ ਸੁਰ ਤੋਂ ਜਾਪਿਆ ਕਿ ਭਲਕੇ ਰੈਲੀ ਵਿੱਚ ‘ਆਪ’ ਵਿਧਾਇਕਾਂ ਦੀ ਗਿਣਤੀ ਥਿੜਕ ਸਕਦੀ ਹੈ। ਇਸ ਦਾ ਸਪੱਸ਼ਟ ਕਾਰਨ ਹੈ ਕਿ 'ਆਪ' ਦੇ ਕੌਮੀ ਕਨਵੀਰਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਵੀ ਪੰਜਾਬ ਵਿਧਾਇਕਾਂ ਦੀ ਦਿੱਲੀ ਵਿੱਚ ਬੈਠਕ ਸੱਦ ਲਈ ਹੈ। ਇਸ ਤੋਂ ਪਹਿਲਾਂ 'ਆਪ' ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਖਹਿਰਾ ਥੜੇ ਦੀ ਰੈਲੀ ਨੂੰ ਪਾਰਟੀ ਵਿਰੋਧੀ ਕਰਾਰ ਦਿੱਤਾ ਸੀ। ਪਰ ਕੇਜਰੀਵਾਲ ਦੀ ਇਸ ਵਿਉਂਤ ਨਾਲ ਖਹਿਰਾ ਦੇ ਸਮਰਥਨ ਨੂੰ ਕਿੰਨੀ ਕੁ ਢਾਹ ਲੱਗਦੀ ਹੈ, ਇਹ ਕੁਝ ਸਮੇਂ ਬਾਅਦ ਸਾਫ ਹੋ ਜਾਵੇਗਾ।