ਮੋਗਾ: ਜ਼ਿਲ੍ਹੇ ਦੇ ਪਿੰਡ ਬੱਧਨੀ ਕਲਾਂ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਮਨਦੀਪ ਸਿੰਘ (35) ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਬੁੱਧਵਾਰ ਸਵੇਰ ਕਾਤਲ ਉਸ ਨੂੰ ਮਰੀਜ਼ ਦੀ ਜਾਂਚ ਕਰਨ ਬਹਾਨੇ ਆਪਣੇ ਨਾਲ ਲੈ ਗਏ ਸਨ ਤੇ ਬਾਅਦ ਵਿੱਚ ਪਿੰਡ ਲੋਪੋ ਮੀਨੀਆਂ ਨੂੰ ਜਾਂਦੇ ਰਾਹ ਨੇੜੇ ਇੱਕ ਟਿਊਬਵੈੱਲ 'ਤੇ ਲਿਜਾ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਆਰਐਮਪੀ ਦੇ ਦੋ ਗੋਲ਼ੀਆਂ ਮਾਰੀਆਂ ਗਈਆਂ ਸਨ।

ਥਾਣਾ ਬੱਧਨੀ ਕਲਾਂ ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਅਮਰਜੀਤ ਸਿੰਘ ਮੁਤਾਬਕ ਉਸ ਦਾ ਪੁੱਤਰ ਮਨਦੀਪ ਸਿੰਘ ਘਰ ਦੇ ਨਜ਼ਦੀਕ ਹੀ ਮੈਡੀਕਲ ਪ੍ਰੈਕਟਿਸ ਕਰਦਾ ਸੀ। ਤੜਕੇ ਕਰੀਬ 5 ਵਜੇ ਦੋ ਨੌਜਵਾਨ ਮੋਟਰ ਸਾਈਕਲ 'ਤੇ ਉਨ੍ਹਾਂ ਦੇ ਘਰ ਆਏ ਅਤੇ ਮਰੀਜ਼ ਬਿਮਾਰ ਹੋਣ ਬਾਰੇ ਦੱਸ ਕੇ ਆਪਣੇ ਨਾਲ ਜਾਣ ਲਈ ਕਿਹਾ। ਇਸ ਦੌਰਾਨ ਮਨਦੀਪ ਸਿੰਘ ਵੀ ਆ ਗਿਆ ਤਾਂ ਉਸ ਨੇ ਉਨ੍ਹਾਂ ਨਾਲ ਹੱਥ ਮਿਲਾਇਆ, ਪਰ ਨਾਲ ਜਾਣ ਦੀ ਥਾਂ ਮਨਦੀਪ ਸਿੰਘ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਤੇ ਕਾਰ ਲੈ ਕੇ ਚਲਾ ਗਿਆ।



ਪੁਲਿਸ ਮੁਤਾਬਕ ਕਾਤਲਾਂ ਨੇ ਮ੍ਰਿਤਕ ਨੂੰ ਦੋ ਗੋਲੀਆਂ ਮਾਰੀਆਂ ਜੋ ਉਸ ਦੀ ਗਰਦਨ ਤੇ ਜਬਾੜੇ 'ਤੇ ਲੱਗੀ। ਪੁਲਿਸ ਮੁਤਾਬਕ ਕਾਤਲ ਵਾਰਦਾਤ ਤੋਂ ਬਾਅਦ ਮ੍ਰਿਤਕ ਦਾ ਲਾਇਸੈਂਸੀ ਰਿਵਾਲਵਰ ਵੀ ਲੈ ਗਏ। ਪੁਲਿਸ ਨੂੰ ਸ਼ੱਕ ਹੈ ਕਿ ਕਾਤਲਾਂ ਨੇ ਮ੍ਰਿਤਕ ਦੇ ਲਾਇਸੈਂਸੀ ਰਿਵਾਲਵਰ ਨਾਲ ਹੀ ਉਸ ਦੀ ਹੱਤਿਆ ਕੀਤੀ ਹੈ।

ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਅਮਰਜੀਤ ਸਿੰਘ ਦੇ ਬਿਆਨਾਂ ਉੱਤੇ ਅਣਪਛਾਤੇ ਹਤਿਆਰਿਆਂ ਖ਼ਿਲਾਫ਼ ਹੱਤਿਆ ਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਦਾ ਸਥਾਨਕ ਸਿਵਲ ਹਸਪਤਾਲ ’ਚ ਪੋਸਟ ਮਾਰਟਮ ਕਰਵਾਇਆ ਗਿਆ ਹੈ।