Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਅਨੁਸੂਚਿਤ ਜਾਤੀ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਇਸ ਦਿਸ਼ਾ ਵਿੱਚ ਕੰਮ ਕਰਦੇ ਜਸਵੀਰ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਘਨੌਰ, ਤਹਿਸੀਲ ਜ਼ਿਲ੍ਹਾ ਪਟਿਆਲਾ (ਈ.ਟੀ.ਟੀ ਟੀਚਰ ਤੈਨਾਤੀ ਬਲਟਾਣਾ ਜੀਰਕਪੁਰ ਐਸ.ਏ.ਐਸ ਨਗਰ) ਦਾ ਜਾਅਲੀ ਪੱਛੜੀ ਸ਼੍ਰੇਣੀ ਸਰਟੀਫਿਕੇਟ ਅਤੇ ਪੰਚ ਮਿੱਠੂ ਰਾਮ ਪੁੱਤਰ ਜਾਨੀ ਰਾਮ ਪਿੰਡ ਸੁਰਲ ਕਲਾਂ, ਜ਼ਿਲ੍ਹਾ ਪਟਿਆਲਾ ਦਾ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਸਰਕਾਰ ਪੱਧਰ 'ਤੇ ਗਠਿਤ ਰਾਜ ਪੱਧਰੀ ਸਕਰੂਟਨੀ ਕਮੇਟੀ ਵੱਲੋਂ ਰੱਦ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਲਵੀਰ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਆਲਮਪੁਰ, ਪਟਿਆਲਾ ਨੇ ਡਾਇਰੈਕਟਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਸਵੀਰ ਸਿੰਘ ਹਰਿਆਣਾ ਤੋਂ ਆ ਕੇ ਵਿਆਹ ਤੋਂ ਬਾਅਦ ਇੱਥੋਂ ਦਾ ਵਸਨੀਕ ਬਣਿਆ ਹੈ ਅਤੇ ਉਸ ਵੱਲੋਂ ਪੰਜਾਬ ਰਾਜ ਦਾ ਪੱਛੜੀ ਸ਼੍ਰੇਣੀ ਸਰਟੀਫਿਕੇਟ ਬਣਾਇਆ ਗਿਆ ਹੈ। ਇਸ ਸਰਟੀਫਿਕੇਟ ਦੇ ਆਧਾਰ ਤੇ ਉਸ ਨੇ ਸਿੱਖਿਆ ਵਿਭਾਗ ਵਿੱਚ ਅਧਿਆਪਕ ਦੀ ਨੌਕਰੀ ਪ੍ਰਾਪਤ ਕੀਤੀ ਹੋਈ ਹੈ। ਸਿਕਾਇਤ ਕਰਤਾ ਵੱਲੋਂ ਜਸਵੀਰ ਸਿੰਘ ਦਾ ਪੱਛੜੀ ਸ੍ਰੇਣੀ ਸਰਟੀਫਿਕੇਟ ਰੱਦ ਕਰਨ ਅਤੇ ਉਸ ਵਿਰੁੱਧ ਕਾਰਵਾਈ ਲਈ ਲਿਖਿਆ ਗਿਆ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਪਾਲਾ ਸਿੰਘ, ਜਸਵਿੰਦਰ ਸਿੰਘ ਅਤੇ ਹਰਨੀਤ ਸਿੰਘ ਸਾਰੇ ਵਾਸੀ ਪਿੰਡ ਸੁਰਲ ਕਲਾਂ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਵੱਲੋਂ ਡਾਇਰੈਕਟਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿੱਠੂ ਰਾਮ ਪੁੱਤਰ ਜਾਨੀ ਰਾਮ ਪੰਚ ਗ੍ਰਾਮ ਪੰਚਾਇਤ, ਸੁਰਲ ਕਲਾਂ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਰਾਜਪੂਤ ਜਾਤੀ ਨਾਲ ਸਬੰਧ ਰੱਖਦਾ ਹੈ, ਪਰ ਉਸ ਵੱਲੋਂ ਅਨੁਸੂਚਿਤ ਜਾਤੀ (ਉਡ) ਦਾ ਸਰਟੀਫਿਕੇਟ ਬਣਾਇਆ ਗਿਆ ਹੈ। ਇਸ ਸਰਟੀਫਿਕੇਟ ਦੇ ਆਧਾਰ ਤੇ ਉਹ ਸੁਰਲ ਕਲਾਂ ਦਾ ਪੰਚ ਚੁਣਿਆ ਗਿਆ ਸੀ। ਸਿਕਾਇਤ ਕਰਤਾਵਾਂ ਵੱਲੋਂ ਮਿੱਠੂ ਰਾਮ ਦਾ ਸਰਟੀਫਿਕੇਟ ਰੱਦ ਕਰਨ ਅਤੇ ਉਸ ਵਿਰੁੱਧ ਕਾਰਵਾਈ ਲਈ ਲਿਖਿਆ ਗਿਆ ਹੈ।
ਮੰਤਰੀ ਨੇ ਅੱਗੇ ਕਿਹਾ ਕਿ ਇਸ ਮਾਮਲੇ ਸਬੰਧੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਰਿਪੋਰਟ ਮੰਗੀ ਗਈ ਸੀ। ਇਸ ਕੇਸ ਦੀ ਜਾਂਚ ਕਰਨ ਉਪਰੰਤ ਪਾਇਆ ਗਿਆ ਕਿ ਜਸਵੀਰ ਸਿੰਘ ਦੀ ਜਾਤੀ ਪੱਛੜੀ ਸ਼੍ਰੇਣੀ ਹੈ ਪ੍ਰੰਤੂ ਉਹ ਬਾਹਰੋਂ ਆ ਕੇ ਇਥੋਂ ਦਾ ਵਸਨੀਕ ਬਣਿਆ ਹੈ। ਇਸ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਹ ਪੰਜਾਬ ਵਿੱਚ ਪੱਛੜੀ ਸ਼੍ਰੇਣੀ ਦੇ ਸਰਟੀਫਿਕੇਟ ਦਾ ਲਾਭ ਨਹੀਂ ਲੈ ਸਕਦਾ ਹੈ। ਇਸ ਲਈ ਜਸਵੀਰ ਸਿੰਘ ਦਾ ਪੰਜਾਬ ਦੇ ਪੱਕੇ ਵਸਨੀਕ ਹੋਣ ਵਜੋ ਬਣਾਏ ਪੱਛੜੀ ਸ਼੍ਰੇਣੀ ਸਰਟੀਫਿਕੇਟ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮਿੱਠੂ ਰਾਮ, ਦੇ ਕੇਸ ਦੀ ਜਾਂਚ ਕਰਨ ਉਪਰੰਤ ਪਾਇਆ ਗਿਆ ਕਿ ਮਿੱਠੂ ਰਾਮ ਦੇ ਸਕੂਲ ਰਿਕਾਰਡ, ਕੁਰਸੀਨਾਮੇ ਅਤੇ ਨੰਬਰਦਾਰਾਂ ਦੇ ਬਿਆਨਾਂ ਅਨੁਸਾਰ ਰਾਜਪੂਤ ਜਾਤੀ ਨਾਲ ਸਬੰਧਤ ਹੈ ਪ੍ਰੰਤੂ ਉਸ ਨੇ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾਇਆ ਹੈ। ਵਿਜੀਲੈਸ ਸੈੱਲ ਵੱਲੋਂ ਰਿਪੋਰਟ ਵਾਚਣ ਲਈ 22, 28 ਜੂਨ, 24 ਅਗਸਤ ਅਤੇ 1 ਸਤੰਬਰ ਨੂੰ ਮਿੱਠੂ ਰਾਮ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਸੀ ਪਰ ਉਹ ਹਾਜ਼ਰ ਨਹੀ ਹੋਇਆ। ਇਸ ਲਈ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਪਟਿਆਲਾ ਦੀ ਰਿਪੋਰਟ ਨੂੰ ਮੰਨਦੇ ਹੋਏ ਮਿੱਠੂ ਰਾਮ ਪੁੱਤਰ ਸ੍ਰੀ ਜਾਨੀ ਰਾਮ ਦਾ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਮੰਤਰੀ ਨੇ ਦੱਸਿਆ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਜਸਵੀਰ ਸਿੰਘ ਪੁੱਤਰ ਨਿਸ਼ਾਨ ਸਿੰਘ ਦੇ ਪੱਛੜੀ ਸ਼੍ਰੇਣੀ ਸਰਟੀਫਿਕੇਟ ਨੰਬਰ 189 ਮਿਤੀ 28.01.2014 ਅਤੇ ਮਿੱਠੂ ਰਾਮ ਦਾ ਅਨੁਸੂਚਿਤ ਜਾਤੀ ਸਰਟੀਫਿਕੇਟ ਨੰ:1724 ਮਿਤੀ 25.11.1997 ਨੂੰ ਰੱਦ ਕਰਨ ਅਤੇ ਜ਼ਬਤ ਕਰਨ ਦੇ ਹਕਮ ਦਿੱਤੇ ਹਨ। ਇਸੇ ਤਰ੍ਹਾਂ ਵਿਭਾਗ ਵੱਲੋਂ ਡੀ.ਪੀ.ਆਈ (ਐਲੀਮੈਂਟਰੀ ਸਿੱਖਿਆ) ਨੂੰ ਜਸਵੀਰ ਸਿੰਘ ਪੁੱਤਰ ਨਿਸ਼ਾਨ ਸਿੰਘ(ਈ.ਟੀ.ਟੀ ਟੀਚਰ ਤੈਨਾਤੀ ਬਲਟਾਣਾ ਜੀਰਕਪੁਰ ਐਸ.ਏ.ਐਸ ਨਗਰ) ਵੱਲੋਂ ਬਣਾਏ ਗਏ ਬੀ.ਸੀ. ਸਰਟੀਫਿਕੇਟ ਦੇ ਆਧਾਰ ਤੇ ਲਏ ਲਾਭ ਵਾਪਸ ਲੈਣ ਲਈ ਨਿਰਦੇਸ਼ ਦਿੱਤੇ ਗਏ ਹਨ।