ਗੁਰਦਾਸਪੁਰ: ਇੱਥੇ ਦੀ ਸ਼ੂਗਰ ਮਿਲ ਪਨਿਆੜ ਦੇ ਮੌਜੂਦਾ ਚੇਅਰਮੈਨ ਤੇ ਅਕਾਲੀ ਲੀਡਰ ਨੇ ਪਿੰਡ ਕੌਂਟਾ ਦੇ ਛੇ ਸਾਲਾ ਬੱਚੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਛੇ ਸਾਲਾ ਪੀੜਤ ਅਰਜੁਨ ਨੇ ਦੱਸਿਆ ਕਿ ਉਹ ਚੌਥੀ ਕਲਾਸ ‘ਚ ਪੜ੍ਹਦਾ ਹੈ। ਵੀਰਵਾਰ ਦੁਪਹਿਰ ਨੂੰ ਜਦੋਂ ਉਹ ਆਪਣੀ ਹਵੇਲ਼ੀ ਨੇੜਲੇ ਖੇਤਾਂ ਵਿੱਚੋਂ ਲੰਘ ਰਿਹਾ ਸੀ ਤਾਂ ਖੇਤ ਦੇ ਮਾਲਕ ਮਹਿੰਦਰਪਾਲ ਸਿੰਘ ਕੌਂਟਾ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਕੁੱਟਮਾਰ ‘ਚ ਬੱਚੇ ਦੀ ਬਾਂਹ ਟੁੱਟ ਗਈ।




ਬੱਚੇ ਦੀਆਂ ਚੀਕਾਂ ਦੀ ਆਵਾਜ਼ ਸੁਣ ਜਦੋਂ ਅਰਜੁਨ ਦੀ ਮਾਂ ਉਸ ਨੂੰ ਬਚਾਉਣ ਆਈ ਤਾਂ ਮਹਿੰਦਰ ਨੇ ਔਰਤ ਦੇ ਵੀ ਥੱਪੜ ਮਾਰ ਦਿੱਤਾ ਤੇ ਉਸ ਨਾਲ ਮਾੜੀ ਭਾਸ਼ਾ ਦਾ ਇਸਤੇਮਾਲ ਕੀਤਾ। ਇਸ ਦੀ ਜਾਣਕਾਰੀ ਪੀੜਤਾ ਨੇ ਆਪਣੇ ਪਤੀ ਨੂੰ ਫੋਨ ‘ਤੇ ਦਿੱਤੀ। ਇਸ ਤੋਂ ਬਾਅਦ ਸੰਜੀਵ ਨੇ ਇਸ ਦੀ ਸ਼ਿਕਾਇਤ ਜ਼ਿਲ੍ਹਾ ਕਾਨੂੰਨੀ ਅਥਾਰਿਟੀ ਤੇ ਦੀਨਾਨਗਰ ਥਾਣੇ ‘ਚ ਕੀਤੀ।




ਦੀਨਾਨਗਰ ਪੁਲਿਸ ਨੇ ਵੀ ਇਸ ਮਾਮਲੇ ‘ਚ ਪੀੜਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਮਹਿੰਦਰਪਾਲ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿੰਦਰ ਖਿਲਾਫ ਧਾਰਾ 323 ਤੇ ਜੁਵਿਲਾਈਨ ਜਸਟਿਸ ਐਕਟ-2015 ਤਹਿਤ ਮਾਮਲਾ ਦਰਜ ਹੋਇਆ ਹੈ।