ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੀ ਸ਼ਾਮ ਆਪਣਾ ਐਕਸ਼ਨ ਕਰ ਦਿੱਤਾ ਹੈ। ਕੈਪਟਨ ਨੇ ਜਿੱਥੇ ਆਪਣੇ 'ਅੜਬ' ਮੰਤਰੀ ਨਵਜੋਤ ਸਿੱਧੂ ਨੂੰ ਟਿਕਾਣੇ ਲਾਇਆ, ਉੱਥੇ ਹੀ ਕਈ ਹੋਰਾਂ ਨੂੰ ਵੀ ਸਖ਼ਤੀ ਦਿਖਾ ਸਾਬਤ ਕਰ ਦਿੱਤਾ ਕਿ ਪੰਜਾਬ ਵਿੱਚ ਤਾਂ ਉਹੀ ਕੈਪਟਨ ਹਨ। ਇੰਨਾ ਹੀ ਨਹੀਂ ਕੈਪਟਨ ਨੇ ਆਪਣੇ ਮੰਤਰੀ ਬਦਲਣ ਲਈ ਹਾਈਕਮਾਨ ਦੀ ਪ੍ਰਵਾਨਗੀ ਦੀ ਲੋੜ ਨਹੀਂ ਸਮਝੀ।

ਕੈਪਟਨ ਨੇ ਸਿੱਧੂ ਹੱਥੋਂ ਸਥਾਨਕ ਸਰਕਾਰਾਂ ਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਖੋਹ ਕੇ ਬਿਜਲੀ ਮਹਿਕਮਾ ਦੇ ਦਿੱਤਾ। ਉਨ੍ਹਾਂ ਸਿੱਧੂ ਦੇ ਖੰਭ ਕੁਤਰਨ ਦੇ ਨਾਲ-ਨਾਲ ਓਪੀ ਸੋਨੀ ਨੂੰ ਵੀ ਵੱਡਾ ਝਟਕਾ ਦਿੱਤਾ ਹੈ। ਕੈਪਟਨ ਨੇ ਸੋਨੀ ਤੋਂ ਸਿੱਖਿਆ ਵਿਭਾਗ ਜਿਹਾ ਵਜ਼ਨਦਾਰ ਮਹਿਮਕਾ ਖੋਹ ਕੇ ਉਨ੍ਹਾਂ ਨੂੰ ਮੈਡੀਕਲ ਸਿੱਖਿਆ ਤੇ ਖੋਜ, ਆਜ਼ਾਦੀ ਘੁਲਾਟੀਏ ਤੇ ਫੂਡ ਪ੍ਰੋਸੈਸਿੰਗ ਜਿਹੇ ਵਿਭਾਗ ਦੀ ਵਾਗਡੋਰ ਫੜਾ ਦਿੱਤੀ।

ਉੱਧਰ, ਕੈਪਟਨ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਵੀ ਹਾਊਸਿੰਗ ਜਿਹਾ ਮਹੱਤਵਪੂਰਨ ਵਿਭਾਗ ਵਾਪਸ ਲੈ ਲਿਆ ਹੈ ਤੇ ਅਰੁਣਾ ਚੌਧਰੀ ਤੋਂ ਟ੍ਰਾਂਸਪੋਰਟ ਮਹਿਕਮਾ ਵਾਪਸ ਲੈ ਕੇ ਰਜ਼ੀਆ ਸੁਲਾਤਾਨਾ ਨੂੰ ਦੇ ਦਿੱਤਾ ਹੈ। ਚਰਨਜੀਤ ਚੰਨੀ ਨੂੰ ਸਿੱਧੂ ਦਾ ਸੈਰ-ਸਪਾਟਾ ਤੇ ਸੱਭਿਆਚਾਰ ਵਿਭਾਗ ਦੇ ਕੇ ਕੈਪਟਨ ਨੇ ਉਨ੍ਹਾਂ ਦਾ ਕੱਦ ਵਧਾ ਦਿੱਤਾ ਹੈ ਤੇ ਸੁਖਬਿੰਦਰ ਸਿੰਘ ਸਰਕਾਰੀਆਂ ਨੂੰ ਵੀ ਆਵਾਸ ਤੇ ਸ਼ਹਿਰੀ ਵਿਕਾਸ ਜਿਹਾ ਮਹੱਤਵਪੂਰਨ ਮਹਿਕਮਾ ਦੇ ਦਿੱਤਾ ਹੈ।