ਪੰਜਾਬ ਦੇ ਛੇਵੇਂ ਦਰਿਆ 'ਚ ਵੀ ਘੁਲਿਆ ਜ਼ਹਿਰ, 60 ਫੀਸਦੀ ਦੁੱਧ ਪੀਣਯੋਗ ਨਹੀਂ !
ਏਬੀਪੀ ਸਾਂਝਾ | 20 Aug 2018 12:27 PM (IST)
ਚੰਡੀਗੜ੍ਹ: ਕਦੇ ਮੰਨਿਆ ਜਾਂਦਾ ਸੀ ਕਿ ਪੰਜਾਬ ਵਿੱਚ ਛੇਵਾਂ ਦਰਿਆ ਦੁੱਧ ਦਾ ਵਹਿੰਦਾ ਹੈ ਪਰ ਅੱਜ ਇਸ ਛੇਵੇਂ ਦਰਿਆ ਵਿੱਚ ਵੀ ਜ਼ਹਿਰ ਵਹਿਣ ਲੱਗਾ ਹੈ। ਅੰਕੜਿਆਂ ਦੀ ਮੰਨੀਏ ਤਾਂ ਪੰਜਾਬ ਦਾ 60% ਫੀਸਦੀ ਦੁੱਧ ਪੀਣਯੋਗ ਨਹੀਂ ਹੈ। ਇਸ ਦੁੱਧ ਵਿੱਚ ਕੈਮੀਕਲ ਹੈ ਜਿਹੜਾ ਸਿਹਤ ਲਈ ਨੁਕਸਾਨਦੇਹ ਹੈ। ਇਹ ਖੁਲਾਸਾ ਸਿਹਤ ਵਿਭਾਗ ਵੱਲੋਂ ਲਏ ਗਏ ਦੁੱਧ ਦੇ ਨਮੂਨਿਆਂ ਤੋਂ ਹੋਇਆ ਹੈ। ਪਿਛਲੇ 10 ਦਿਨਾਂ ਵਿੱਚ ਹੋਈ ਛਾਪੇਮਾਰੀ ਦੌਰਾਨ ਪੰਜਾਬ ਭਰ ਵਿੱਚੋਂ ਪਨੀਰ ਤੇ ਦੇਸੀ ਘਿਉ ਦੇ ਲਏ ਗਏ ਸੈਂਪਲਾਂ ਵਿੱਚੋਂ 60 ਫੀਸਦੀ ਫੇਲ੍ਹ ਹੋਏ ਹਨ। ਛਾਪੇਮਾਰੀ ਦੌਰਾਨ ਲਏ ਗਏ ਕੁੱਲ 724 ਨਮੂਨਿਆਂ ਵਿੱਚੋਂ 434 ਨਮੂਨੇ ਫੇਲ੍ਹ ਪਾਏ ਗਏ। ਸਿਹਤ ਤੇ ਪਰਿਵਾਰ ਮੰਤਰੀ ਬ੍ਰਹਮ ਮਹਿੰਦਰਾ ਨੇ ਜ਼ਿਲ੍ਹਾ ਸਿਹਤ ਅਫਸਰਾਂ ਤੇ ਅਸਿਸਟੈਂਟ ਫੂਡ ਕਮਿਸ਼ਨਰਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ। ਖਰੜ ਦੀ ਸਰਕਾਰੀ ਪ੍ਰਯੋਗਸ਼ਾਲਾ ਵਿੱਚਨਮੂਨਿਆਂ ਦੀ ਟੈਸਟਿੰਗ ਦੌਰਾਨ ਕਰੀਬ 20 ਫੀਸਦੀ ਸੈਂਪਲਾਂ ਵਿੱਚ ਮਿਲਾਵਟੀ ਦੁੱਧ ਪਾਇਆ ਗਿਆ। ਇਹ ਸੂਬੇ ਵਿੱਚ ਸਫੈਦ ਵਪਾਰ ਦੇ ਕਾਲ਼ੇ ਧੰਦੇ ਨੂੰ ਦਰਸਾਉਂਦਾ ਹੈ। ਪਸ਼ੂ ਪਾਲਣ ਵਿਭਾਗ ਮੁਤਾਬਕ ਪੰਜਾਬ ਵਿੱਚ 52 ਲੱਖ ਮੱਝਾਂ ਤੇ 21 ਲੱਖ ਗਾਵਾਂ ਹਨ। ਇਨ੍ਹਾਂ ਵਿੱਚੋਂ 70 ਫੀਸਦੀ ਮੱਝਾਂ ਤੇ ਗਾਵਾਂ ਦੁਧਾਰੂ ਹਨ। ਸੂਬੇ ਵਿੱਚ ਪ੍ਰਤੀ ਦਿਨ 360 ਲੱਖ ਲੀਟਰ ਦੁੱਧ ਦਾ ਉਤਪਾਦਨ ਹੁੰਦਾ ਹੈ, ਪਰ ਏਨੀ ਮਾਤਰਾ ’ਚ ਦੁੱਧ ਉਤਪਾਦਨ ਦੇ ਬਾਵਜੂਦ ਜ਼ਬਤ ਕੀਤੇ ਉਤਪਾਦਾਂ ਦੇ ਯੂਨਿਟ ਨਕਲੀ ਦੁੱਧ ਤੇ ਦੁੱਧ ਉਤਪਾਦਾਂ ਦੇ ਨਿਰਮਾਣ ਕਰ ਰਹੇ ਹਨ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੱਦ ਤੋਂ ਮਾੜੀ ਕੁਆਲਟੀ ਦਾ ਪਨੀਰ ਬਾਜ਼ਾਰ ਵਿੱਚ 170 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ ਜਦਕਿ ਮਾੜੀ ਕੁਆਲਟੀ ਦਾ ਖੋਆ ਬਾਹਰਲੇ ਸੂਬਿਆਂ ਤੋਂ ਪੰਜਾਬ ਆ ਰਿਹਾ ਹੈ। ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਅਧਿਕਾਰੀਆਂ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ।