ਨਵਾਂਸ਼ਹਿਰ: ਕੁਝ ਸਮਾਂ ਪਹਿਲਾਂ ਕੋਰੋਨਾ ਮੁਕਤ ਹੋਏ ਜ਼ਿਲ੍ਹਾ ਨਵਾਂਸ਼ਹਿਰ ਇੱਕ ਵਾਰ ਫਿਰ ਤੋਂ ਕੋਵਿਡ-19 ਮਹਾਂਮਾਰੀ ਦੇ ਕਹਿਰ ਨਾਲ ਝੰਬਿਆ ਗਿਆ ਹੈ। ਐਤਵਾਰ ਸਵੇਰੇ ਹਜ਼ੂਰ ਸਾਹਿਬ ਤੋਂ ਪਰਤੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 57 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਨਿੱਕਲ ਆਈ ਹੈ।


ਬੀਤੀ ਦੇਰ ਰਾਤ ਪੰਜ ਜਣਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਨਾਲ ਜ਼ਿਲ੍ਹੇ ਵਿੱਚ ਕੁੱਲ ਨੌਂ ਕੋਰੋਨਾ ਮਰੀਜ਼ ਹੋ ਗਏ ਸਨ। ਪਰ ਅੱਜ ਸਵੇਰੇ 57 ਨਵੇਂ ਮਾਮਲੇ ਸਾਹਮਣੇ ਆ ਗਏ ਹਨ, ਜਿਸ ਨਾਲ ਜ਼ਿਲ੍ਹੇ ਵਿੱਚ ਹੁਣ ਕੁੱਲ 66 ਕੋਰੋਨਾ ਦੇ ਐਕਟਿਵ ਕੇਸ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪਹਿਲਾ ਕੋਰੋਨਾ ਪਾਜ਼ੇਟਿਵ ਕੇਸ ਵੀ ਨਵਾਂਸ਼ਹਿਰ ਜ਼ਿਲ੍ਹੇ ਦਾ ਹੀ ਸੀ, ਜਿਸ ਤੋਂ ਬਾਅਦ ਸਭ ਤੋਂ ਪਹਿਲਾਂ ਇੱਥੇ ਹੀ ਮਹਾਮਾਰੀ ਦੇ ਮਰੀਜ਼ ਵਧੇ ਸਨ, ਪਰ ਇਲਾਜ ਮਗਰੋਂ ਜ਼ਿਲ੍ਹਾ ਕੋਰੋਨਾ ਮੁਕਤ ਹੋ ਗਿਆ ਸੀ। ਹੁਣ 66 ਮਾਮਲਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।