ਗੁਰਦਾਸਪੁਰ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਪੰਜਾਬ ਦੀ ਧਰਤੀ ਤੋਂ ਲੋਕ ਸਭਾ ਚੋਣਾਂ ਲਈ ਮੁਹਿੰਮ ਦਾ ਆਗਾਜ਼ ਕਰਨਗੇ। ਇੱਥੇ ਗੁਰਦਾਸਪੁਰ ਦੇ ਪੁੱਡਾ ਗਰਾਊਂਡ ਵਿੱਚ ਮੋਦੀ ਦੀ ਰੈਲੀ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਰੈਲੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ 8 ਹਜ਼ਾਰ ਸੁਰੱਖਿਆ ਮੁਲਾਜ਼ਮਾਂ ਦੇ ਜ਼ਿੰਮੇ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ, ਪਠਾਨਕੋਟ ਤੇ ਹੁਸ਼ਿਆਰਪੁਰ ਪੁਲਿਸ ਜ਼ਿਲ੍ਹਿਆਂ ਤੋਂ ਜਵਾਨ ਸ਼ਾਮਲ ਹਨ।
ਰੈਲੀ ਵਾਲੀ ਜਗ੍ਹਾ ਤੇ ਨੇੜੇ-ਤੇੜੇ ਕੁੱਲ ਦੋ ਸੌ ਸੀਸੀਟੀਵੀ ਕੈਮਰਿਆਂ ਤੋਂ ਇਲਾਵਾ 60 ਮੈਟਲ ਡਿਟੈਕਟਰ ਲਾਏ ਗਏ ਹਨ। ਇਸ ਦੇ ਨਾਲ ਹੀ ਬਟਾਲਾ-ਗੁਰਦਾਸਪੁਰ ਤੇ ਗੁਰਦਾਸਪੁਰ-ਪਠਾਨਕੋਟ ਕੌਮੀ ਮਾਰਗ ’ਤੇ ਵੀ ਸੀਸੀਟੀਵੀ ਕੈਮਰੇ ਲਾਏ ਹਨ। ਗੁਰਦਾਸਪੁਰ ਰੈਲੀ ਲਈ ਮੋਦੀ ਜਲੰਧਰ ਵਿੱਚ ਇੰਡੀਅਨ ਸਾਇੰਸ ਕਾਂਗਰਸ ਵਿੱਚ ਹਿੱਸਾ ਲੈਣ ਤੋਂ ਬਾਅਦ ਹੈਲੀਕਾਪਟਰ ਰਾਹੀਂ ਪੁੱਡਾ ਗਰਾਊਂਡ ਪਹੁੰਚਣਗੇ ਤੇ ਰੈਲੀ ਮਗਰੋਂ ਪਠਾਨਕੋਟ ਲਈ ਰਵਾਨਾ ਹੋਣਗੇ।