ਜਲੰਧਰ 'ਚ 10ਵੀਂ ਜਮਾਤ ਦੀ ਲੜਕੀ ਨੇ ਲਿਆ ਫਾਹਾ, ਸਕੂਲ ’ਚ ਮਾਸਟਰ ਕਰਦਾ ਸੀ ਪ੍ਰੇਸ਼ਾਨ
ਏਬੀਪੀ ਸਾਂਝਾ | 06 Feb 2019 09:57 AM (IST)
ਸੰਕੇਤਕ ਤਸਵੀਰ
ਜਲੰਧਰ: ਸ਼ਹਿਰ ਦੇ ਨਿੱਜੀ ਸਕੂਲ ਵਿੱਚ ਪੜ੍ਹਨ ਵਾਲੀ 10ਵੀਂ ਜਮਾਤ ਦੀ ਵਿਦਿਆਰਥਣ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਤਿੰਨ ਪੇਜਾਂ ਦਾ ਸੁਸਾਈਡ ਨੋਟ ਵੀ ਲਿਖਿਆ ਹੈ ਜਿਸ ਮੁਤਾਬਕ ਉਹ ਸਕੂਲ ਵਿੱਚ ਇੱਕ ਅਧਿਆਪਕ ਤੋਂ ਕਾਫੀ ਪ੍ਰੇਸ਼ਾਨ ਸੀ। ਇਸੇ ਕਰਕੇ ਉਸ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਲੜਕੀ ਦੇ ਮਾਪੇ ਅਧਿਆਪਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਲੜਕੀ ਨੇ ਆਪਣੇ ਨੋਟ ਵਿੱਚ ਲਿਖਿਆ ਹੈ ਕਿ ਸਕੂਲ ਵਿੱਚ ਅਧਿਆਪਕ ਦੇ ਰਵੱਈਏ ਤੋਂ ਉਹ ਕਾਫੀ ਪ੍ਰੇਸ਼ਾਨ ਰਹਿੰਦੀ ਸੀ। ਅਧਿਆਪਕ ਉਸ ਨੂੰ ਬਾਕੀ ਬੱਚਿਆਂ ਸਾਹਮਣੇ ਕਾਫੀ ਡਾਂਟਦਾ ਸੀ। ਹਮੇਸ਼ਾ ਉਸ ਨੂੰ ਕੁਝ ਨਾ ਕੁਝ ਬੋਲਦਾ ਹੀ ਰਹਿੰਦਾ ਸੀ। ਇੱਥੋਂ ਤਕ ਕਿ ਜਮਾਤ ਦੇ ਸਾਰੇ ਬੱਚਿਆਂ ਨੂੰ ਡਰਾ ਕੇ ਰੱਖਦਾ ਸੀ। ਉਸ ਨੇ ਇਲਜ਼ਾਮ ਲਾਇਆ ਕਿ ਅਧਿਆਪਕ ਕਿਸੇ ਹੋਰ ਦਾ ਗੁੱਸਾ ਵੀ ਉਸ ਉੱਤੇ ਕੱਢ ਦਿੰਦਾ ਸੀ। ਲੜਕੀ ਨੇ ਲਿਖਿਆ ਕਿ ਅਧਿਆਪਕ ਦੇ ਡਰ ਕਰਕੇ ਉਹ ਕਦੀ-ਕਦੀ ਸਕੂਲ ਨਹੀਂ ਜਾਂਦੀ ਸੀ। ਉਸ ਦੇ ਡਰ ਕਰਕੇ ਉਸ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਸੀ। ਉਸ ਨੇ ਲਿਖਿਆ ਕਿ ਅਧਿਆਪਕ ਬਾਰੇ ਗੱਲਾਂ ਸੋਚ-ਸੋਚ ਕੇ ਉਸ ਦਾ ਦਿਲ ਘਬਰਾਉਣ ਲੱਗ ਜਾਂਦਾ ਸੀ। ਉਸ ਅਧਿਆਪਕ ਦੀ ਕਲਾਸ ਵਿੱਚ ਜੇ ਕੋਈ ਕਿਸੇ ਕੋਲੋਂ ਕੁਝ ਮੰਗ ਵੀ ਲੈਂਦਾ ਸੀ ਤਾਂ ਅਧਿਆਪਕ ਉਸ ਬੱਚੇ ਦੇ ਮੂੰਹ ’ਤੇ ਆਪਣਾ ਪੰਜਾ ਛਾਪ ਦਿੰਦਾ ਸੀ। ਘਟਨਾ ਬਾਅਦ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।