ਫਾਜ਼ਿਲਕਾ: ਫਾਜ਼ਿਲਕਾ ਦੇ ਪਿੰਡ ਅਬੁਨ ਵਿੱਚ ਭਿਆਨਕ ਸੜਕ ਹਾਦਸਾ ਹੋਇਆ। ਮਲੋਟ ਤੋਂ ਫਾਜ਼ਿਲਕਾ ਆ ਰਹੀ ਵਰਨਾ ਕਾਰ ਦੇ ਅੱਗੇ ਅਚਾਨਕ ਅਵਾਰਾ ਪਸ਼ੂ ਆ ਜਾਣ ਕਰਕੇ ਕਾਰ ਚਾਲਕ ਕੋਲੋ ਸੰਤੁਲਨ ਵਿਗੜ ਗਿਆ। ਵੇਖਦੇ ਹੀ ਵੇਖਦੇ ਕਾਰ ਪਹਿਲਾਂ ਦਰਖ਼ਤ ਨਾਲ ਜਾ ਟਕਰਾਈ ਅਤੇ ਬਾਅਦ ਵਿੱਚ ਪਲਟ ਗਈ। ਇਸ ਘਟਨਾ ਦੌਰਾਨ ਕਾਰ ਵਿੱਚ ਸਵਾਰ 3 ਜਣਿਆਂ ਵਿੱਚੋਂ 2 ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਲੜਕਾ ਤੇ ਲੜਕੀ ਸ਼ਾਮਲ ਹਨ। ਤੀਜਾ ਕਾਰ ਸਵਾਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਜਿਸ ਨੂੰ ਗੰਗਾਨਗਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਹਾਦਸੇ ਵਿੱਚ ਮਾਰੇ ਗਏ ਨੌਜਵਾਨ ਲੜਕੇ ਅਤੇ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਹ ਤਿੰਨੇ ਜਣੇ ਮਲੋਟ ਤੋਂ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਫਾਜ਼ਿਲਕਾ ਆ ਰਹੇ ਸਨ। ਫਾਜਿਲਕਾ ਦੇ ਨਜਦੀਕੀ ਪਿੰਡ ਅਬੁਨ ਵਿੱਚ ਅਚਾਨਕ ਅਵਾਰਾ ਪਸ਼ੂ ਗੱਡੀ ਦੇ ਅੱਗੇ ਆ ਗਿਆ ਜਿਸ ਨੂੰ ਬਚਾਉਂਦੇ-ਬਚਾਉਂਦੇ ਕਾਰ ਦਾ ਸੰਤੁਲਨ ਵਿਗੜਿਆ ਅਤੇ ਕਾਰ ਦਰਖ਼ਤ ਨਾਲ ਟਕਰਾ ਕੇ ਪਲਟ ਗਈ। ਕਾਰ ਵਿੱਚ ਸਵਾਰ ਕਰਮਜੀਤ ਸਿੰਘ ਅਤੇ ਉਸ ਦੇ ਸਾਲੇ ਜਗਮੀਤ ਦੀ ਪਤਨੀ ਅਨੂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮ੍ਰਿਤਕ ਕਰਮਜੀਤ ਦੇ ਸਾਲੇ ਜਗਮੀਤ ਨੂੰ ਗੰਭੀਰ ਸੱਟਾਂ ਲੱਗੀਆਂ।
ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਕਰਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਕੁਦਰਤੀ ਤੌਰ ਉੱਤੇ ਹੋਏ ਹਾਦਸੇ ਦੇ ਕਾਰਨ 174 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।