ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਅੱਜ ਲਟਕਦੀ ਆ ਰਹੀ ਪੰਜਾਬ ਦੀ ਕੋਰ ਕਮੇਟੀ ਦੀ ਮੰਗ ਨੂੰ ਪੂਰਾ ਕਰਦੇ ਹੋਏ 21 ਮੈਂਬਰੀ ਕਮੇਟੀ ਤੇ ਮੋਹਰ ਲਾ ਦਿੱਤੀ। ਬੀਤੇ ਦਿਨੀਂ ਸਿਸੋਦੀਆ ਵੱਲੋਂ ਜਲੰਧਰ ਫੇਰੀ ਦੌਰਾਨ ਤੇ ਪਿਛਲੇ ਦਿਨੀਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਦਿੱਲੀ ਤੇ ਚੰਡੀਗੜ੍ਹ ਵਿੱਚ ਹੋਈਆਂ ਮੀਟਿੰਗਾਂ ਦੇ ਦੌਰ ਤੋਂ ਬਾਅਦ ਸਟੇਟ ਲੀਡਰਸ਼ਿਪ ਵੱਲੋਂ ਸੁਝਾਏ ਗਏ ਨਾਮਾਂ ਉੱਪਰ ਵਿਚਾਰ ਵਟਾਂਦਰੇ ਮਗਰੋਂ ਅੰਤਿਮ ਰੂਪ ਦੇ ਦਿੱਤਾ ਗਿਆ। ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਇਸ ਕਮੇਟੀ ਵਿਚ 13 ਸਥਾਈ ਮੈਂਬਰਾਂ ਤੋਂ ਇਲਾਵਾ 8 ਅਸਥਾਈ ਮੈਂਬਰ ਵੀ ਹੋਣਗੇ। ਸਥਾਈ ਮੈਂਬਰਾਂ ਵਿਚ ਸਰਵ ਭਗਵੰਤ ਮਾਨ, ਸੁਖਪਾਲ ਸਿੰਘ ਖੈਰਾ, ਪ੍ਰੋਫੈਸਰ ਸਾਧੂ ਸਿੰਘ, ਕੰਵਰ ਸੰਧੂ, ਬੀਬੀ ਸਰਵਜੀਤ ਕੌਰ ਮਾਣੂਕੇ, ਕੁਲਤਾਰ ਸਿੰਘ ਸੰਧਵਾਂ, ਪ੍ਰੋਫੈਸਰ ਬਲਜਿੰਦਰ ਕੌਰ, ਗੁਲਸ਼ਨ ਛਾਬੜਾ, ਡਾਕਟਰ ਇੰਦਰਬੀਰ ਸਿੰਘ ਨਿੱਜਰ, ਡਾਕਟਰ ਰਵਜੋਤ ਸਿੰਘ, ਡਾਕਟਰ ਬਲਬੀਰ ਸਿੰਘ, ਮਨਜਿੰਦਰ ਸਿੰਘ ਸਿੱਧੂ ਤੇ ਅਮਨ ਅਰੋੜਾ ਹਨ। ਮੈਂਬਰਾਂ ਵਿਚ ਪਾਰਟੀ ਦੇ ਮੁੱਖ ਬੁਲਾਰੇ ਹਰਜੋਤ ਸਿੰਘ ਬੈਂਸ, ਗੈਰੀ ਵੜਿੰਗ, ਸੁਖਵਿੰਦਰ ਸਿੰਘ ਸੁੱਖੀ, ਕੁਲਦੀਪ ਸਿੰਘ ਧਾਲੀਵਾਲ, ਪਰਮਜੀਤ ਸਚਦੇਵਾ, ਅਨਿਲ ਠਾਕੁਰ, ਗੁਰਦਿੱਤ ਸਿੰਘ ਸੇਖੋਂ ਤੇ ਦਲਬੀਰ ਸਿੰਘ ਢਿੱਲੋਂ ਹੋਣਗੇ। ਇਸ ਤੋਂ ਇਲਾਵਾ ਸ਼ਾਹਕੋਟ ਉਪ ਚੋਣ ਲਈ ਜ਼ੋਨ ਪ੍ਰਧਾਨ ਤੋਂ ਵਰਕਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹਫ਼ਤੇ ਦੇ ਅੰਦਰ-ਅੰਦਰ ਰਿਪੋਰਟ ਦੇਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਅਮਨ ਅਰੋੜਾ ਨੇ ਕਿਹਾ ਕਿ ਆਪਣੇ ਹਲਕੇ ਸੁਨਾਮ ਤੇ ਪਾਰਟੀ ਦੇ ਹੋਰ ਸੂਬਾ ਪੱਧਰੀ ਰੁਝੇਵਿਆਂ ਕਰ ਕੇ ਉਨ੍ਹਾਂ ਨੇ ਜਥੇਬੰਦਕ ਢਾਂਚਾ ਬਣਾਉਣ ਦੀ ਜ਼ਿੰਮੇਵਾਰੀ ਤੋਂ ਫ਼ਾਰਗ ਹੋਣ ਦਾ ਫ਼ੈਸਲਾ ਕੀਤਾ ਹੈ। ਹੁਣ ਅੱਗੋਂ ਤੋਂ ਇਹ ਜ਼ਿੰਮੇਵਾਰੀ ਮੀਤ ਪ੍ਰਧਾਨ ਡਾਕਟਰ ਬਲਬੀਰ ਸਿੰਘ ਨਿਭਾਉਣਗੇ, ਜਿਸ ਨੂੰ ਸਿਸੋਦੀਆ ਤੇ ਭਗਵੰਤ ਮਾਨ ਤੋਂ ਸਹਿਮਤੀ ਹਾਸਲ ਹੈ।