ਅੰਮ੍ਰਿਤਸਰ 'ਚੋਂ 75 ਕਰੋੜ ਦੀ ਹੈਰੋਇਨ ਬਰਾਮਦ
ਏਬੀਪੀ ਸਾਂਝਾ | 15 Mar 2018 02:51 PM (IST)
ਅੰਮ੍ਰਿਤਸਰ: ਸੀਮਾ ਸੁਰੱਖਿਆ ਬਲ ਤੇ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਵੱਲੋਂ ਵੱਖ-ਵੱਖ ਕਾਰਵਾਈਆਂ ਵਿੱਚ ਕ੍ਰਮਵਾਰ 11 ਕਿੱਲੋ ਤੇ ਚਾਰ ਕਿੱਲੋ ਹੈਰੋਇਨ ਫੜੀ ਗਈ ਹੈ। ਵੱਡੀ ਮਾਤਰਾ ਵਿੱਚ ਫੜੇ ਗਏ ਇਸ ਨਸ਼ੇ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਤਕਰੀਬਨ 75 ਕਰੋੜ ਰੁਪਏ ਹੈ। ਬੀਐਸਐਫ ਦੇ ਡੀਆਈਜੀ ਜੇਐਸ ਓਬਰਾਏ ਮੁਤਾਬਕ ਬੀਤੀ ਦੇਰ ਰਾਤ ਪਾਕਿਸਤਾਨੀ ਤਸਕਰ ਕਣਕ ਦੇ ਖੇਤਾਂ ਵਿੱਚੋਂ ਓਹਲੇ ਹੋਏ ਇਹ ਨਸ਼ਾ ਭਾਰਤ ਵਾਲੇ ਪਾਸੇ ਪਹੁੰਚਾ ਰਹੇ ਸਨ। ਬੀਐਸਐਫ ਨੂੰ ਹਲਚਲ ਦਾ ਸ਼ੱਕ ਹੋਣ 'ਤੇ ਲਲਕਾਰਿਆ ਤਾਂ ਤਸਕਰ ਹੈਰੋਇਨ ਛੱਡ ਕੇ ਭੱਜ ਗਏ। ਡੀਆਈਜੀ ਨੇ ਦੱਸਿਆ ਕਿ ਉਨ੍ਹਾਂ ਪਾਕਿਸਤਾਨੀ ਰੇਂਜਰਜ਼ ਨਾਲ ਮੀਟਿੰਗ ਦੌਰਾਨ ਇਹ ਮੁੱਦਾ ਚੁੱਕਿਆ ਸੀ ਤੇ ਉਨ੍ਹਾਂ ਵਧੇਰੇ ਚੌਕਸੀ ਵਰਤਣ ਦੀ ਗੱਲ ਕਹੀ ਹੈ। ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਬਣਾਈ ਵਿਸ਼ੇਸ਼ ਟੀਮ ਨੇ ਵੀ ਤਰਨ ਤਾਰਨ ਦੇ ਸੈਕਟਰ ਕੁਲਵੰਤ ਮੁਠਿਆਂਵਾਲੀ ਨਜ਼ਦੀਕ ਇੱਕ ਖੇਤ ਵਿੱਚ ਦੱਬੀ ਹੋਈ ਚਾਰ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਐਸਟੀਐਫ ਦੇ ਡੀਐਸਪੀ ਕਿਰਪਾਲ ਸਿੰਘ ਤੇ ਇੰਸਪੈਕਟਰ ਸੁਖਵਿੰਦਰ ਸਿੰਘ ਦੀਆਂ ਟੀਮਾਂ ਨੇ 77 ਬਟਾਲੀਅਨ ਬੀਐਸਐਫ ਫ਼ਿਰੋਜ਼ਪੁਰ ਦੀ ਸਹਿਮਤੀ ਨਾਲ ਮੁਖਬਰੀ ਦੇ ਆਧਾਰ 'ਤੇ ਸੁਲਤਾਨਪੁਰ ਦੇ ਰਹਿਣ ਵਾਲੇ ਵਜ਼ੀਰ ਸਿੰਘ ਦੇ ਖੇਤਾਂ ਵਿੱਚੋਂ ਮੋਟਰ ਨੇੜਿਓਂ 4 ਪੈਕਟ ਹੈਰੋਇਨ ਦੇ ਬਰਾਮਦ ਹੋਏ ਹਨ। ਐਸਟੀਐਫ ਬਾਰਡਰ ਰੇਂਜ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਪੁਲਿਸ ਨੇ ਨਸ਼ਾ ਤਸਕਰ ਬਲਵਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫ਼ਤ 'ਚੋਂ ਬਾਹਰ ਹੈ।