ਅੰਮ੍ਰਿਤਸਰ: ਅਜਨਾਲਾ ਅਧੀਨ ਆਉਂਦੇ ਪਿੰਡ ਸੈਦਪੁਰ ਖੁਰਦ ਦੀ 24 ਸਾਲਾ ਵਿਆਹੁਤਾ ਵੱਲੋਂ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਉਸ ਨੇ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਪਰਮਜੀਤ ਕੌਰ ਦੇ ਪਿਤਾ ਮੋਹਰ ਸਿੰਘ ਤੇ ਮਾਤਾ ਪੂਰੋ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਸਰਬਜੀਤ ਸਿੰਘ ਪਿੰਡ ਬਲੜਵਾਲ ਨਾਲ ਹੋਇਆ ਸੀ। ਇਸ ਤੋਂ ਪਰਮਜੀਤ ਕੌਰ ਦੇ ਦੋ ਬੱਚੇ ਸਨ। ਫਿਰ ਉਸ ਦੇ ਘਰਵਾਲੇ ਸਰਬਜੀਤ ਦੀ ਮੌਤ ਹੋ ਗਏ। ਇਸ ਮਗਰੋਂ ਉਸ ਦਾ ਸਰਬਜੀਤ ਸਿੰਘ ਦੇ ਭਰਾ ਗੁਰਨਾਮ ਸਿੰਘ ਨਾਲ ਵਿਆਹ ਕਰ ਦਿੱਤਾ। ਉਨ੍ਹਾਂ ਆਪਣੀ ਬਣਦੀ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ ਸੀ। ਬੀਤੀ ਰਾਤ ਉਨ੍ਹਾਂ ਦੀ ਲੜਕੀ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਥਾਣਾ ਅਜਨਾਲਾ ਦੇ ਮੁਖੀ ਪਰਮਵੀਰ ਸਿੰਘ ਸੈਣੀ ਨੇ ਦੱਸਿਆ ਕਿ ਮ੍ਰਿਤਕ ਪਰਮਜੀਤ ਕੌਰ ਦੀ ਮਾਤਾ ਪੂਰੋ ਦੇ ਬਿਆਨਾਂ 'ਤੇ ਸਹੁਰੇ ਪਰਿਵਾਰ ਦੇ ਚਾਰ ਮੈਂਬਰਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।