ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਨੇ ਕੈਂਸਰ, ਏਡਜ਼ ਤੇ ਥੈਲੇਸੀਮੀਆ ਦੇ ਮਰੀਜ਼ਾਂ ਲਈ ਆਪਣੇ ਕੋਰਸਾਂ ਦੇ ਦਾਖ਼ਲੇ ਵਿੱਚ ਇੱਕ-ਇੱਕ ਸੀਟ ਰਾਖਵੀਂ ਕਰ ਦਿੱਤੀ ਹੈ। ਇਹ ਹੁਕਮ ਇਸੇ ਵਿਦਿਅਕ ਵਰ੍ਹੇ ਤੋਂ ਲਾਗੂ ਹੋਣਗੇ। ਹਰੇਕ ਕੋਰਸ ਵਿੱਚ ਵੱਧ ਤੋਂ ਵੱਧ ਚਾਰ ਸੀਟਾਂ ਰਾਖਵੀਂਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਇਕਲੌਤੀ ਧੀ ਲਈ ਰਾਖਵੀਂ ਸੀਟ ਵੀ ਸ਼ਾਮਲ ਰਹੇਗੀ। ਇਹ ਫੈਸਲਾ ਯੂਨੀਵਰਸਿਟੀ ਕੈਂਪਸ, ਸਬੰਧਤ ਕਾਲਜਾਂ ਅਤੇ ਚਾਰ ਖੇਤਰੀ ਸੈਂਟਰਾਂ ਵਿੱਚ ਲਾਗੂ ਮੰਨਿਆ ਜਾਵੇਗਾ। ਇੱਕ ਤੋਂ ਵੱਧ ਉਮੀਦਵਾਰ ਹੋਣ ਦੀ ਸੂਰਤ ਵਿੱਚ ਮੈਰਿਟ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ। ਇੱਕ ਪਰਿਵਾਰ ਵਿੱਚ ਦੋ ਧੀਆਂ ਹੋਣ ਦੀ ਸੂਰਤ ਵਿੱਚ ਸਿਰਫ਼ ਇੱਕ ਨੂੰ ਹੀ ਸੀਟ ਦਾ ਲਾਭ ਦਿੱਤਾ ਜਾਵੇਗਾ। ਇਸ ਲਈ ਵੀ ਮੈਰਿਟ ਨੂੰ ਤਰਜੀਹ ਦਿੱਤੀ ਜਾਵੇਗੀ। ਥੈਲੇਸੀਮੀਆ ਪੀੜਤਾਂ ਨੂੰ ਰਾਖਵਾਂਕਰਨ ਦੇਣ ਵਾਲੀ ਪਹਿਲੀ ਵਿਦਿਅਕ ਸੰਸਥਾ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਦੀ ਸੈਨੇਟ ਵਿੱਚ ਸਰਹੱਦੀ ਖੇਤਰ ਦੇ ਪਛੜੇ ਇਲਾਕਿਆਂ ਦੇ ਵਿਦਿਆਰਥੀਆਂ ਲਈ ਹਰੇਕ ਕੋਰਸ ਵਿੱਚ ਦੋ ਸੀਟਾਂ ਰਾਖਵੀਂਆਂ ਕਰਨ ਬਾਰੇ ਫੈਸਲਾ ਤਾਂ ਲਿਆ ਜਾ ਚੁੱਕਾ ਹੈ ਪਰ ਇਸ ਨੂੰ ਹਾਲੇ ਤਕ ਲਾਗੂ ਨਹੀਂ ਕੀਤਾ ਗਿਆ।