ਨਵੀਂ ਦਿੱਲੀ: ਬੀਤੇ ਦਿਨਾਂ ਵਿੱਚ ਸੁਰਖੀਆਂ ਵਿੱਚ ਰਹੇ ਭਾਰਤੀ ਮੂਲ ਦੇ ਜਸਪਾਲ ਅਟਵਾਲ ਦਾ ਨਾਂਅ ਪਿਛਲੇ ਸਾਲ ਹੀ ਕਾਲੀ ਸੂਚੀ ਵਿੱਚੋਂ ਕੱਢਿਆ ਗਿਆ ਸੀ। ਵਿਵਾਦ ਉੱਠਣ ਤੋਂ ਬਾਅਦ ਸਰਕਾਰ ਇਹ ਜਾਂਚ ਕਰਨ ਵਿੱਚ ਰੁੱਝ ਗਈ ਸੀ ਕਿ ਕੈਨੇਡਾ ਦੇ ਨਾਗਰਿਕ ਅਟਵਾਲ ਨੂੰ ਭਾਰਤ ਦਾ ਵੀਜ਼ਾ ਕਿੰਝ ਮਿਲਿਆ ਤੇ ਉਸ ਦਾ ਨਾਂਅ ਕਾਲੀ ਸੂਚੀ ਵਿੱਚ ਦਰਜ ਹੈ ਕਿ ਨਾ।


ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਮੌਕੇ ਵਿਵਾਦਾਂ ’ਚ ਘਿਰੇ ਅਟਵਾਲ ਨੂੰ 2017 ਵਿੱਚ ਹੀ ਕਾਲੀ ਸੂਚੀ ਤੋਂ ਹਟਾ ਦਿੱਤਾ ਗਿਆ ਸੀ। ਲੋਕ ਸਭਾ ’ਚ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੇ ਇਸ ਬਾਬਤ ਜਾਣਕਾਰੀ ਦਿੱਤੀ।

ਲੋਕ ਸਭਾ ’ਚ ਕੇ. ਸੁਰੇਸ਼ ਦੇ ਸਵਾਲ ’ਤੇ ਲਿਖਤੀ ਜਵਾਬ ਦਿੰਦਿਆਂ ਵਿਦੇਸ਼ ਰਾਜ ਮੰਤਰੀ ਨੇ ਦੱਸਿਆ,‘‘ਜਸਪਾਲ ਅਟਵਾਲ ਨੂੰ ਭਾਰਤ ’ਚ ਦਾਖ਼ਲੇ ਲਈ ਜਾਇਜ਼ ਵੀਜ਼ਾ ਜਾਰੀ ਕੀਤਾ ਗਿਆ ਸੀ। ਉਸ ਨੂੰ 2017 ’ਚ ਕਾਲੀ ਸੂਚੀ ਤੋਂ ਹਟਾ ਦਿੱਤਾ ਗਿਆ ਸੀ।’’

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ 18 ਫ਼ਰਵਰੀ ਤੋਂ ਸ਼ੁਰੂ ਹੋਏ ਹਫ਼ਤੇ ਭਰ ਦੇ ਦੌਰੇ ਤੋਂ ਪਹਿਲਾਂ ਅਟਵਾਲ ਭਾਰਤ ਪਹੁੰਚੇ ਸਨ। ਅਟਵਾਲ ਦਾ ਮਸਲਾ ਉਦੋਂ ਹੋਰ ਭਖ਼ ਗਿਆ ਸੀ, ਜਦ ਮੁੰਬਈ ਦੇ ਇੱਕ ਸਮਾਗਮ ਵਿੱਚ ਟਰੂਡੋ ਦੀ ਪਤਨੀ ਨਾਲ ਉਨ੍ਹਾਂ ਦੀ ਤਸਵੀਰ ਵਾਇਰਲ ਹੋਈ ਸੀ, ਉਸ ਤੋਂ ਬਾਅਦ ਕੈਨੇਡਾ ਸਰਕਾਰ ਵੱਲੋਂ ਅਟਵਾਲ ਨੂੰ ਵਿਸ਼ੇਸ਼ ਡਿਨਰ ਦਾ ਸੱਦਾ ਵੀ ਦਿੱਤਾ ਗਿਆ ਸੀ। ਹਾਲਾਂਕਿ, ਰੌਲ਼ਾ ਪੈਣ ਤੋਂ ਬਾਅਦ ਇਹ ਸੱਦਾ ਰੱਦ ਕਰ ਦਿੱਤਾ ਗਿਆ ਸੀ, ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਭਾਰਤ ਦੌਰਾ ਇਨ੍ਹਾਂ ਰੌਲ਼ਿਆਂ ਦੀ ਹੀ ਭੇਟ ਚੜ੍ਹ ਗਿਆ। ਇਸ ਤੋਂ ਬਾਅਦ ਜਸਪਾਲ ਅਟਵਾਲ ਨੇ ਵੀ ਕੈਨੇਡਾ ਜਾ ਕੇ ਟਰੂਡੋ ਦੇ ਦੌਰੇ ਵਿੱਚ ਉਨ੍ਹਾਂ ਕਰ ਕੇ ਆਈਆਂ ਮੁਸ਼ਕਲਾਂ 'ਤੇ ਮੁਆਫ਼ੀ ਮੰਗੀ।