ਲਾਹੌਰ: ਪਾਕਿਸਤਾਨ ਵਿੱਚ ਸਿੱਖ ਆਨੰਦ ਕਾਰਜ ਮੈਰਿਜ ਐਕਟ ਤਹਿਤ ਵਿਆਹ ਦਰਜ ਕਰਵਾ ਸਕਣਗੇ। ਪਾਕਿਸਤਾਨ ਦੀ ਪੰਜਾਬ ਵਿਧਾਨ ਸਭਾ ਨੇ ਪੰਜਾਬ ਸਿੱਖ ਆਨੰਦ ਕਾਰਜ ਮੈਰਿਜ ਐਕਟ 2017 ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਹੈ। ਮੁਸਲਿਮ ਆਬਾਦੀ ਵਾਲੇ ਮੁਲਕ ’ਚ ਸਿੱਖਾਂ ਦੇ ਵਿਆਹਾਂ ਨੂੰ ਕਾਨੂੰਨੀ ਦਰਜਾ ਦਿੱਤਾ ਗਿਆ ਹੈ। ਇਹ ਬਿੱਲ ਸਿੱਖ ਵਿਧਾਇਕ ਰਮੇਸ਼ ਸਿੰਘ ਅਰੋੜਾ ਨੇ ਪੇਸ਼ ਕੀਤਾ। ਬਿੱਲ ਪਾਸ ਹੋਣ ਨਾਲ ਬ੍ਰਿਟਿਸ਼ ਸ਼ਾਸਨ ਵੇਲੇ ਦਾ ਆਨੰਦ ਮੈਰਿਜ ਐਕਟ, 1909 ਮਨਸੂਖ ਹੋ ਗਿਆ ਹੈ। ਹੁਣ ਸਿੱਖਾਂ ਦੇ ਵਿਆਹ ਪੰਜਾਬ ਸਿੱਖ ਆਨੰਦ ਕਾਰਜ ਮੈਰਿਜ ਐਕਟ ਤਹਿਤ ਦਰਜ ਹੋਣਗੇ। ਇਹ ਬਿੱਲ ਪਹਿਲੀ ਵਾਰੀ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਅਕਤੂਬਰ, 2017 ਨੂੰ ਸਦਨ ਵਿੱਚ ਪੇਸ਼ ਕੀਤਾ ਸੀ। ਪੰਜਾਬ ਵਿਧਾਨ ਸਭਾ ਦੇ ਸਾਰੇ ਹੀ ਸਿਆਸੀ ਦਲਾਂ ਵੱਲੋਂ ਇਸ ਬਿੱਲ ਦੀ ਹਮਾਇਤ ਕੀਤੀ ਗਈ। ਬਿੱਲ ਦੇ ਆਉਣ ਤੋਂ ਪਹਿਲਾਂ ਜਿੰਨੇ ਵੀ ਸਿੱਖ ਵਿਆਹ ਹੋਏ ਹਨ, ਉਨ੍ਹਾਂ ਨੂੰ ਵੀ ਕਾਨੂੰਨੀ ਮਾਨਤਾ ਦਿੱਤੀ ਜਾਏਗਾ। ਇਸ ਬਿੱਲ ਦੀਆਂ 13 ਮੱਦਾਂ ਹਨ।