ਜਲੰਧਰ: ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੇ ਸਾਬਕਾ ਜਨਰਲ ਸਕੱਤਰ, ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਹ 100 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਅੱਜ 15 ਮਾਰਚ ਨੂੰ ਬਾਅਦ ਦੁਪਹਿਰ 4 ਵਜੇ ਨੂਰਮਹਿਲ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਜਾਵੇਗਾ।


ਸੂਹੇ ਫੁੱਲਾਂ ਨਾਲ ਸਲਾਮ ਕਰਨ ਲਈ ਗੰਧਰਵ ਸੈਨ ਕੋਛੜ ਦੀ ਦੇਹ ਨੂੰ ਗੋਇਲ ਮਾਰਕੀਟ, ਚੀਮਾ ਰੋਡ (ਨੂਰਮਹਿਲ) ਵਿੱਚ 3 ਵਜੇ ਰੱਖਿਆ ਜਾਵੇਗਾ। ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ 17 ਮਾਰਚ ਨੂੰ ਨੂਰਮਹਿਲ ਦੀ ਸਰਾਂ ਦੇ ਪਿਛਲੇ ਪਾਸੇ ਕੀਤਾ ਜਾਵੇਗਾ।

ਕਮਰੇਡ ਗੰਧਰਵ ਸੇਨ ਕੋਛੜ ਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਇਨਕਲਾਬੀ ਸੰਗਰਾਮ ਦੇ ਲੇਖੇ ਲਾਇਆ। ਆਖਰੀ ਸਮੇਂ ਤੱਕ ਵੀ ਉਨ੍ਹਾਂ ਦੀ ਸੁਰਤ ਕਾਇਮ ਰਹੀ ਤੇ ਉਹ ਦੇਸ਼ ਦੀ ਮੌਜੂਦਾ ਹਾਲਤ ਤੋਂ ਕਾਫੀ ਫ਼ਿਕਰਮੰਦ ਸਨ। ਉਨ੍ਹਾਂ ਨੇ ਗ਼ਦਰ ਪਾਰਟੀ ਦੀ ਵਿਚਾਰਧਾਰਾ ਨੂੰ ਕਿਰਤੀ ਪਾਰਟੀ ਦੇ ਝੰਡੇ ਹੇਠ ਅੱਗੇ ਤੋਰਿਆ। ਉਹ ਸਦਾ ਲੋਕ ਮੁਕਤੀ ਸੰਗਰਾਮ ਦੇ ਸਫ਼ਰ ’ਤੇ ਰਹੇ।

ਸੀਪੀਆਈ, ਸੀਪੀਐਮ, ਲਾਲ ਪਾਰਟੀ, ਨਕਸਲਬਾੜੀ ਲਹਿਰਾਂ ਵਿੱਚ ਕੰਮ ਕਰਦਿਆਂ ਆਖਰੀ ਦਮ ਤੱਕ ਉਹ ਮਾਰਕਸੀ ਫਲਸਫ਼ੇ, ਜਮਾਤੀ-ਸੰਗਰਾਮ ਤੇ ਇਨਕਲਾਬੀ ਸਮਾਜਿਕ ਤਬਦੀਲੀ ਦੇ ਮਾਰਗ ’ਤੇ ਡਟੇ ਰਹੇ। ਉਨ੍ਹਾਂ ਨੇ ਦੋ ਦਰਜਨ ਤੋਂ ਵੱਧ ਪੁਸਤਕਾਂ ਵੱਖ-ਵੱਖ ਵਿਸ਼ਿਆਂ ’ਤੇ ਛਪਵਾ ਕੇ ਬਿਨਾਂ ਕਿਸੇ ਰਾਸ਼ੀ ਤੋਂ ਹਜ਼ਾਰਾਂ ਲੋਕਾਂ ਤੱਕ ਪੁੱਜਦੀਆਂ ਕੀਤੀਆਂ।