ਸੰਗਰੂਰ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਦੇ ਪਾਸਪੋਰਟ ਜ਼ਬਤ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸੂਤਰਾਂ ਮੁਤਾਬਕ ਤਿੰਨੇ ਜਣੇ ਬਹਿਬਲ ਕਲਾਂ ਗੋਲ਼ੀਕਾਂਡ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਤੋਂ ਬਚਣ ਲਈ ਵਿਦੇਸ਼ ਖਿਸਕ ਸਕਦੇ ਹਨ।


ਇਹ ਵੀ ਪੜ੍ਹੋ- ਬਹਿਬਲ ਕਲਾਂ-ਕੋਟਕਪੂਰਾ ਗੋਲ਼ੀਕਾਂਡ: SIT ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਤਲਬ

ਬਾਦਲ ਵੱਲੋਂ ਗ੍ਰਿਫ਼ਤਾਰੀ ਦੀ ਪੇਸ਼ਕਸ਼ ਦੇ ਵੀ ਮਾਨ ਨੇ ਆਪਣੇ ਹਿਸਾਬ ਨਾਲ ਅਰਥ ਕੱਢੇ। ਉਨ੍ਹਾਂ ਕਿਹਾ ਕਿ ਵੱਡੇ ਆਪਣੀ ਗ੍ਰਿਫ਼ਤਾਰੀ ਦੀ ਪੇਸ਼ਕਸ਼ ਕਰਕੇ ਬਾਦਲ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਹੁਣ ਬਚਣ ਦੀ ਕੋਈ ਆਸ ਬਾਕੀ ਨਹੀਂ ਰਹੀ। ਮਾਨ ਨੇ ਦਾਅਵਾ ਕੀਤਾ ਹੈ ਕਿ ਆਉਂਦੇ ਦਿਨਾਂ ਵਿੱਚ ਸਿਆਸੀ ਲਾਹਿਆਂ ਵਾਸਤੇ ਨਹੀਂ ਬਲਕਿ ਉਨ੍ਹਾਂ ਦੇ ਪਾਪਾਂ ਕਰਕੇ ਗ੍ਰਿਫ਼ਤਾਰੀ ਹੋਵੇਗੀ।

ਸਬੰਧਤ ਖ਼ਬਰ- ਬੇਅਦਬੀ ਤੇ ਗੋਲੀ ਕਾਂਡ: ਗ੍ਰਿਫਤਾਰੀ ਲਈ ਚੰਡੀਗੜ੍ਹ ਪਹੁੰਚੇ ਬਾਦਲ

ਮਾਨ ਨੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਕਦੇ ਵੀ ਐਸਆਈਟੀ ਦੇ ਅਫ਼ਸਰਾਂ ਦੀ ਯੋਗਤਾ 'ਤੇ ਸਵਾਲ ਨਹੀਂ ਚੁੱਕੇ, ਬਲਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਹਨ। ਜੇਕਰ ਕੈਪਟਨ ਅਜਿਹਾ ਕਰਦੇ ਹਨ ਤਾਂ ਆਉਂਦੇ ਦਿਨਾਂ ਵਿੱਚ ਕਾਂਗਰਸੀ ਲੀਡਰਾਂ ਨੂੰ ਅਕਾਲੀ ਦਲ ਨਾਲੋਂ ਵੀ ਵੱਧ ਗੰਭੀਰ ਸਿੱਟਿਆਂ ਦਾ ਸਾਹਮਣਾ ਕਰਨਾ ਪਵੇਗਾ। ਮਾਨ ਨੇ ਇਹ ਵੀ ਕਿਹਾ ਕਿ ਪਿੱਛੇ ਜਿਹੇ ਬਾਦਲਾਂ ਨੇ ਅਕਾਲ ਤਖ਼ਤ ਜਾ ਕੇ ਆਪਣੀਆਂ ਅਣਦੱਸੀਆਂ ਭੁੱਲਾਂ ਬਖ਼ਸ਼ਾਈਆਂ ਸਨ, ਪਰ ਹੁਣ ਉਨ੍ਹਾਂ ਵੱਲੋਂ ਕੀਤੀਆਂ ਗ਼ਲਤੀਆਂ ਦੀ ਕੀਮਤ ਚੁਕਾਉਣ ਦਾ ਸਮਾਂ ਆ ਗਿਆ ਹੈ।