ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਤੋਂ ਲੋਹਖੇੜਾਂ ਦੇ ਕਿਸਾਨ ਪਤੀ-ਪਤਨੀ ਦੀ ਖੁਦਕੁਸ਼ਈ ਤੇ ਪੀੜਤ ਪਰਿਵਾਰ ਨੂੰ ਮਾਲੀ ਮਦਦ ਦੇਣ ਦੀ ਮੰਗ ਕੀਤੀ ਹੈ।


ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ, "ਕੈਪਟਨ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਅੱਜ ਪੰਜਾਬ ਦਾ ਕਿਸਾਨ ਪਰਿਵਾਰ ਸਮੇਤ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋ ਰਿਹਾ ਹੈ।" ਆਗੂਆਂ ਨੇ ਕਿਹਾ ਕਿ "ਕੈਪਟਨ ਸਰਕਾਰ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ, ਪਰ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਾ ਕੀਤੇ, ਜਿਸ ਕਰਕੇ ਇਸ ਤਰਾਂ ਦੀਆਂ ਦਿਲ ਕੰਬਾਊ ਦੁਖਦਾਇਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
"

ਦੱਸ ਦੇਈਏ ਕਿ ਬੀਤੇ ਦਿਨੀਂ ਲੌਂਗੋਵਾਲ ਦੇ ਨਜ਼ਦੀਕੀ ਪਿੰਡ ਲੋਹਖੇੜਾਂ ਦੇ ਕਿਸਾਨ ਪਤੀ-ਪਤਨੀ ਨੇ ਕਰਜ਼ੇ ਦੀ ਮਾਰ ਹੇਠ ਆਉਣ ਕਰਕੇ ਖੁਦਕੁਸ਼ੀ ਕਰ ਲਈ ਸੀ।

'ਆਪ' ਆਗੂਆਂ ਨੇ ਕਿਹਾ ਕਿ "ਰਾਜੇ ਦੇ ਰਾਜ ਵਿਚ ਪਿਛਲੀ ਅਕਾਲੀ-ਭਾਜਪਾ ਸਰਕਾਰ ਨਾਲੋਂ ਵੀ ਵੱਧ ਕਿਸਾਨ ਖ਼ੁਦਕੁਸ਼ੀ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਸ਼ਾਹੀ ਮਹਿਲ ਤੋਂ ਬਾਹਰ ਨਿਕਲ ਕੇ ਪੰਜਾਬ ਦੇ ਲੋਕਾਂ ਦੀ ਸਾਰ ਲੈਣ। ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਰਕੇ ਅੱਜ ਪੰਜਾਬ ਦੇ ਲੋਕ ਸੜਕਾਂ ਉੱਤੇ ਦਿਨ-ਰਾਤ ਗੁਜ਼ਾਰਨ ਲਈ ਮਜਬੂਰ ਹਨ, ਪਰ ਸੂਬੇ ਦੇ ਮੁਖੀਆ ਮਹਿਲਾ ਵਿੱਚ ਬੈਠ ਆਨੰਦ ਲੈ ਰਹੇ ਹਨ।"