'ਆਪ' ਵਿਧਾਨ ਸਭਾ ਦੀਆਂ ਘੱਟ ਬੈਠਕਾਂ ਤੋਂ ਖਫਾ, ਟੀਵੀ ‘ਤੇ ਸਿੱਧੇ ਪ੍ਰਸਾਰਣ ਦੀ ਮੰਗ
ਏਬੀਪੀ ਸਾਂਝਾ | 24 Oct 2017 06:18 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਅੱਜ ਵਿਧਾਨ ਸਭਾ ਦੇ ਸਪੀਕਰ ਨੂੰ ਮੰਗ ਪੱਤਰ ਦੇ ਕੇ ਵਿਧਾਨ ਸਭਾ ਦੀ ਕਾਰਵਾਈ ਦੀਆਂ ਸਾਲ ਵਿੱਚ 40 ਬੈਠਕਾਂ ਯਕੀਨੀ ਬਣਾਉਣ ਦੀ ਗੁਜਾਰਿਸ਼ ਕੀਤੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਲੋਕ ਸਭਾ, ਰਾਜ ਸਭਾ ਤੇ ਹੋਰ ਰਾਜਾਂ ਵਾਂਗ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦਾ ਵੀ ਟੀਵੀ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਜੋ ਲੋਕ ਆਪਣੇ ਚੁਣੇ ਹੋਏ ਨੁਮਾਇੰਦਿਆਂ ਦੀ ਕਾਰਜਗੁਜਾਰੀ ਵੇਖ ਸਕਣ। ਮੰਗ ਪੱਤਰ ਵਿੱਚ ਅਰੋੜਾ ਨੇ ਕਿਹਾ ਕਿ ਵਿਧਾਨ ਸਭਾ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਚੁੱਕਣ ਲਈ ਸਭ ਤੋਂ ਪਵਿੱਤਰ ਤੇ ਸਰਵ ਉੱਚ ਸਥਾਨ ਹੈ। ਇਸ ਮੰਤਵ ਲਈ ਭਾਰਤ ਦੇ ਸੰਵਿਧਾਨ ਦੀ ਧਾਰਾ 208 (2) ਵਿਧਾਨ ਸਭਾ ਦੇ ਸਪੀਕਰ ਨੂੰ ‘ਵਿਧਾਨ ਸਭਾ ਦੀ ਪ੍ਰਣਾਲੀ ਤੇ ਸੰਚਾਲਨ ਨਿਯਮਾਂ’ ਤਹਿਤ ਸ਼ਕਤੀਆਂ ਪ੍ਰਾਪਤ ਹਨ। ਨਿਯਮ 14-ਏ ਦੇ ਅਧਿਆਏ 9 ਦੇ ਅਧੀਨ ਇੱਕ ਵਿੱਤੀ ਸਾਲ ਵਿੱਚ ਬਜਟ, ਮਾਨਸੂਨ ਤੇ ਸਰਦ ਰੁੱਤ ਨਾਮਕ ਤਿੰਨ ਸ਼ੈਸਨ ਹੋ ਸਕਦੇ ਹਨ। ਇਸ ਦੇ ਅਧੀਨ ਇਨਾਂ ਸਾਰੇ ਸ਼ੈਸਨਾਂ ਨੂੰ ਮਿਲਾ ਕੇ ਵਿਧਾਨ ਸਭਾ ਦੀਆਂ ਬੈਠਕਾਂ 40 ਦਿਨ ਕੀਤੀਆਂ ਜਾਣੀਆਂ ਲਾਜ਼ਮੀ ਹਨ। ਅਰੋੜਾ ਨੇ ਕਿਹਾ ਕਿ ਸਾਲ 1969 ਤੋਂ ਪਹਿਲਾਂ ਹਰ ਸਾਲ ਵਿਧਾਨ ਸਭਾ ਦੀਆਂ 40 ਤੋਂ ਵੱਧ ਬੈਠਕਾਂ ਹੁੰਦੀਆਂ ਸਨ, ਪਰ ਉਸ ਤੋਂ ਪਿੱਛੋਂ ਇਸ ਵਿੱਚ ਕਮੀ ਆਉਦੀ ਗਈ ਤੇ ਸਾਲ 2015 ਵਿੱਚ ਪੰਜਾਬ ਵਿਧਾਨ ਸਭਾ ਸਿਰਫ 12 ਬੈਠਕਾਂ ਹੀ ਕਰ ਸਕੀ। ਉਨ੍ਹਾਂ ਕਿਹਾ ਕਿ ਇਹ ਗੱਲ ਸਮਝ ਤੋਂ ਪਰੇ ਹੈ ਕਿ ਸਾਲ 1997 ਤੋਂ ਬਾਅਦ ਸਾਲ ਵਿੱਚ 20 ਤੋਂ ਵੀ ਘੱਟ ਬੈਠਕਾਂ ਹੋਣ ਦਾ ਕੀ ਕਾਰਨ ਸੀ। ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਦੌਰਾਨ 2002 ਤੋਂ 2007 ਤੱਕ ਦਾ ਸਮਾਂ ਵੀ ਇਸ ਮਾਮਲੇ ਵਿੱਚ ਨਿਰਾਸ਼ਾਪੂਰਨ ਰਿਹਾ, ਜਦੋਂਕਿ 2005 ਵਿੱਚ 18 ਬੈਠਕਾਂ ਤੇ 2003 ਵਿੱਚ 14 ਬੈਠਕਾਂ ਹੀ ਹੋ ਸਕੀਆਂ। ਇੱਥੋਂ ਤੱਕ ਕਿ ਇਸ ਸਾਲ ਵੀ ਹੁਣ ਤੱਕ 11 ਬੈਠਕਾਂ ਹੀ ਹੋ ਸਕੀਆਂ ਹਨ। ਇਹ ਮਾਮਲਾ ਅਤਿ ਗੰਭੀਰ ਹੈ ਕਿ ਸਮੇਂ ਬੀਤਣ ਨਾਲ ਹੀ ਚੁਣੇ ਹੋਏ ਨੁਮਾਇੰਦਿਆਂ ਅਤੇ ਸਦਨ ਦੇ ਰੱਖਿਅਕਾਂ ਨੇ ਸਦਨ ਦੀ ਮਰਿਆਦਾ ਨੂੰ ਨੀਵਾਂ ਕਰਦਿਆਂ ਸਾਲ ਵਿੱਚ 3 ਵਿਧਾਨ ਸਭਾ ਸ਼ੈਸਨ ਤੇ ਕੁੱਲ 40 ਬੈਠਕਾਂ ਕਰਨ ਦੇ ਮੁੱਦੇ ਨੂੰ ਵਿਸਾਰ ਦਿੱਤਾ ਹੈ, ਜਿਸ ਕਾਰਨ ਲੋਕਾਂ ਦੇ ਅਹਿਮ ਮੁੱਦਿਆਂ ਉਤੇ ਬਹਿਸ ਨਹੀਂ ਹੋ ਰਹੀ।