ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਬਿਜਲੀ ਦਰਾਂ ‘ਚ ਕੀਤੇ ਗਏ ਵਾਧੇ ਵਿਰੁੱਧ ਆਮ ਆਦਮੀ ਪਾਰਟੀ (ਆਪ) ਆਉਂਦੀ 27 ਅਕਤੂਬਰ ਨੂੰ ਪਟਿਆਲਾ ਵਿੱਚ ਰੋਸ ਧਰਨਾ ਦੇਵੇਗੀ। ਧਰਨੇ ਦੀ ਅਗਵਾਈ ਸੂਬੇ ਦੀ ਸਮੁੱਚੀ ਲੀਡਰਸ਼ਿਪ ਕਰੇਗੀ। ‘ਆਪ’ ਵੱਲੋਂ ਜਾਰੀ ਬਿਆਨ ਵਿੱਚ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੇ ਸਹਿ ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ ਨੇ ਬਿਜਲੀ ਦਰਾਂ ‘ਚ ਹੋਏ ਵਾਧੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਪਹਿਲਾਂ ਹੀ ਮਹਿੰਗਾਈ ਤੇ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਬੇਹਾਲ ਹੈ। ਅਜਿਹੀ ਹਾਲਤ ‘ਚ ਪੰਜਾਬ ਸਰਕਾਰ ਦਾ ਇਹ ਫੈਸਲਾ ਲੋਕਾਂ ਲਈ ਬੇਹੱਦ ਮਾਰੂ ਸਾਬਤ ਹੋਵੇਗਾ। ਇਸ ਲਈ ਕੈਪਟਨ ਸਰਕਾਰ ਇਹ ਵਾਧਾ ਤੁਰੰਤ ਵਾਪਸ ਲਵੇ।

‘ਆਪ’ ਆਗੂਆਂ ਨੇ ਕਿਹਾ ਕਿ ਡੀਜ਼ਲ, ਪੈਟਰੋਲ ਤੇ ਬਿਜਲੀ ਦੀਆਂ ਦਰਾਂ ‘ਚ ਵਾਧੇ ਦੀ ਮਾਰ ਹਰ ਵਰਗ ‘ਤੇ ਪੈਂਦੀ ਹੈ ਤੇ ਸਮੁੱਚੇ ਰੂਪ ‘ਚ ਮਹਿੰਗਾਈ ਵਧਦੀ ਹੈ। ਇੱਕ ਪਾਸੇ ਨਰਿੰਦਰ ਮੋਦੀ ਸਰਕਾਰ ਉੱਚੀਆਂ ਦਰਾਂ ਵਾਲਾ ਜੀਐਸਟੀ ਲਾ ਕੇ ਵੀ ਹਰ ਰੋਜ਼ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਵਧਾ ਰਹੀ ਹੈ, ਦੂਜੇ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕਾਂ ਦੀਆਂ ਜੇਬਾਂ ‘ਤੇ ਬੋਝ ਪਾ ਹੈ। ‘ਆਪ’ ਨੇ ਪੰਜਾਬ ਬਿਜਲੀ ਰੈਗੂਲੇਟਰੀ ਅਥਾਰਿਟੀ ਕੰਮਕਾਰ ‘ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਇੰਝ ਜਾਪਦਾ ਹੈ ਕਿ ਸਰਕਾਰ ਦੇ ਇਸ਼ਾਰੇ ‘ਤੇ ਬਿਜਲੀ ਦਰਾਂ ‘ਚ ਵਾਧੇ ਦੇ ਐਲਾਨ ਲਈ ਗੁਰਦਾਸਪੁਰ ਚੋਣਾਂ ਦੀ ਉਡੀਕ ਕੀਤੀ ਜਾ ਰਹੀ ਸੀ।

ਭਗਵੰਤ ਮਾਨ ਤੇ ਅਮਨ ਅਰੋੜਾ ਨੇ ਕੈਪਟਨ ਸਰਕਾਰ ਦੀ ਨੀਅਤ ‘ਚ ਖੋਟ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇੱਕ ਪਾਸੇ ਸਸਤੀ ਬਿਜਲੀ ਪੈਦਾ ਕਰ ਰਹੇ ਸਰਕਾਰੀ ਥਰਮਲ ਪਲਾਂਟ ਬੰਦ ਕਰਕੇ ਹਜ਼ਾਰਾਂ ਦੀ ਗਿਣਤੀ ‘ਚ ਰੁਜਗਾਰ ਖੋਹਿਆ ਜਾ ਰਿਹਾ ਹੈ, ਦੂਜੇ ਪਾਸੇ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਮਹਿੰਗੀਆਂ ਦਰਾਂ ‘ਤੇ ਪਿਛਲੀ ਬਾਦਲ ਸਰਕਾਰ ਵਾਂਗ ਹੀ ਬਿਜਲੀ ਦੀ ਖਰੀਦ ਜਾਰੀ ਹੈ। ਜਦਕਿ ਉਦੋਂ ਆਮ ਆਦਮੀ ਪਾਰਟੀ ਦੇ ਨਾਲ-ਨਾਲ ਇਨ੍ਹਾਂ ਕਾਂਗਰਸੀਆਂ ਵੱਲੋਂ ਵੀ ਪ੍ਰਾਈਵੇਟ ਥਰਮਲ ਪਲਾਂਟਾ ਨਾਲ ਸੁਖਬੀਰ ਬਾਦਲ ਵੱਲੋਂ ਕੀਤੇ ਗਏ ਸਮਝੌਤਿਆਂ ‘ਚ ਕਰੋੜਾਂ-ਅਰਬਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਜਾਂਦੇ ਸਨ। ਖੁਦ ਕੈਪਟਨ ਨੇ ਪੰਜਾਬ ਦੇ ਲੋਕਾਂ ਨਾਲ ਟੀ.ਐਸ.ਪੀ.ਐਲ ਤਲਵੰਡੀ ਸਾਬੋ, ਐਨ.ਪੀ.ਐਲ ਰਾਜਪੁਰਾ ਤੇ ਜੀ.ਵੀ.ਕੇ ਗੋਇੰਦਵਾਲ ਸਾਹਿਬ ਨਾਲ ਬਾਦਲਾਂ ਵੱਲੋਂ ਕੀਤੇ ਗਏ ਐਗਰੀਮੈਂਟ ਰੱਦ ਕਰਕੇ ਨਵੇਂ ਸਿਰਿਓਂ ਸਸਤੀਆਂ ਦਰਾਂ ਵਾਲੇ ਐਗਰੀਮੈਂਟ ਕਰਨ ਦਾ ਵਾਅਦਾ ਕੀਤਾ ਸੀ।