ਪਟਿਆਲਾ : ਆਮ ਆਦਮੀ ਪਾਰਟੀ (ਆਪ) ਨੇ ਸੁਪਰੀਮ ਕੋਰਟ ਵੱਲੋਂ ਐੱਸਵਾਈਐਲ ਦੇ ਮੁੱਦੇ ’ਤੇ ਪੰਜਾਬ ਵਿਰੁੱਧ ਦਿੱਤੇ ਫ਼ੈਸਲੇ ਉੱਪਰ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਅੱਜ ਤੋਂ ਕਪੂਰੀ ਪਿੰਡ ਵਿੱਚ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ। ਯਾਦ ਰਹੇ ਕਿ ਇਸ ਥਾਂ ਉੱਤੇ ਟੱਕ ਲੱਗਾ ਕੇ ਨਹਿਰ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਪਾਰਟੀ ਦੇ ਤਮਾਮ ਵੱਡੇ ਆਗੂ ਇਸ ਧਰਨੇ ਵਿੱਚ ਸ਼ਾਮਲ ਹੋਏ।
ਇਸ ਦੌਰਾਨ ‘ਆਪ’ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰ ਦੀਆਂ ਵਿਰੋਧੀ ਨੀਤੀਆਂ ਕਾਰਨ ਹੀ ਪੰਜਾਬੀਆਂ ਨੂੰ ਇਹ ਦਿਨ ਦੇਖਣੇ ਪਏ ਹਨ।ਇਸ ਮੌਕੇ ‘ਆਪ’ ਦੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ, ਸਹਿ ਇੰਚਾਰਜ ਜਰਨੈਲ ਸਿੰਘ, ਕਨਵੀਨਰ ਗੁਰਪ੍ਰੀਤ ਸਿੰਘ ਵੜੈਚ
ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਚਾਂਦੀ ਦੀ ਕਹੀ ਮੁਹੱਈਆ ਕਰਵਾ ਕੇ ਉਸ ਵੇਲੇ ਦੀ ਕਾਂਗਰਸ ਸੁਪਰੀਮੋ ਇੰਦਰਾ ਗਾਂਧੀ ਕੋਲੋਂ ਕਪੂਰੀ ਵਿੱਚ ਐੱਸਵਾਈਐਲ ਦਾ ਟੱਕ ਲਵਾਇਆ ਸੀ ਅਤੇ ਬਾਦਲਾਂ ਨੇ ਇਸ ਨਹਿਰ ਲਈ ਜ਼ਮੀਨ ਐਕੁਆਇਰ ਕਰ ਕੇ ਇਸ ਦੀ ਖ਼ੁਦਾਈ ਕਰਵਾਈ ਸੀ। ਇਸ ਲਈ ਕਾਂਗਰਸ ਅਤੇ ਅਕਾਲੀ ਐੱਸਵਾਈਐਲ ਦੇ ਮੁੱਦੇ ’ਤੇ ਬਰਾਬਰ ਦੇ ਦੋਸ਼ੀ ਹਨ।
ਯਾਦ ਰਹੇ ਕਿ ਇਸ ਨਹਿਰ ਦੀ ਉਸਾਰੀ ਦੇ ਖਿਲਾਫ ਅਕਾਲੀ ਦਲ ਨੇ ਕਪੂਰੀ ਵਿਖੇ 1982 ਨੂੰ ਮੋਰਚਾ ਲਗਾਇਆ ਸੀ ਜੋ ਕਈ ਮਹੀਨੇ ਤੱਕ ਚੱਲਿਆ ਸੀ।