ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਸਿਸਟਮ ਦੀਆਂ ਚੋਰ ਮੋਰੀਆਂ ਬੰਦ ਕਰਨ ਲਈ ਨਿੱਤ ਨਵੇਂ ਫੈਸਲੇ ਲੈ ਰਹੀ ਹੈ। ਪੰਜਾਬ ਸਰਕਾਰ ਨੇ ਹੁਣ 'ਪਾਣੀ ਚੋਰਾਂ' 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ। ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਇਸ ਲਈ ਅਫਸਰਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਵਿੱਚ ਨਹਿਰਾਂ ਤੇ ਮਾਈਨਰਾਂ ’ਚ ਬਣਾਏ ਗਏ ਨਾਜਾਇਜ਼ ਮੋਘੇ ਬੰਦ ਕੀਤੇ ਜਾਣ। ਕੈਬਨਿਟ ਮੰਤਰੀ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਬੁੱਧਵਾਰ ਨੂੰ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਮੀਟਿੰਗ ਕੀਤੀ। ਮੀਟਿੰਗ ਵਿੱਚ ਆਗਾਮੀ ਝੋਨੇ ਦੇ ਸੀਜ਼ਨ ਨੂੰ ਲੈ ਕੇ ਨਹਿਰੀ ਪਾਣੀ ਦੀ ਸਪਲਾਈ ’ਚ ਸੁਧਾਰ ਕਰਨ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਟੇਲਾਂ ਵਾਲੇ ਖੇਤਾਂ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਬਾਰੇ ਵੀ ਰਣਨੀਤੀ ਬਣਾਈ ਗਈ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਚੱਲਦੇ ਨਾਜਾਇਜ਼ ਮੋਘੇ ਬੰਦ ਕੀਤੇ ਜਾਣ ਤਾਂ ਜੋ ਨਹਿਰੀ ਪਾਣੀ ਦੀ ਢੁਕਵੀਂ ਵਰਤੋਂ ਹੋ ਸਕੇ। ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਨਹਿਰਾਂ ਤੇ ਮਾਈਨਰਾਂ ਦੇ ਭੰਨ੍ਹੇ ਹੋਏ ਮੋਘਿਆਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ। ਉਨ੍ਹਾਂ ਪੰਜਾਬ ਸਿਵਲ ਸਕੱਤਰੇਤ-1 ਵਿੱਚ ਉਨ੍ਹਾਂ ਖੇਤਰਾਂ ਦੇ ਵਿਧਾਇਕਾਂ ਨਾਲ ਵੀ ਮੀਟਿੰਗ ਕੀਤੀ, ਜਿਨ੍ਹਾਂ ਦੇ ਖੇਤਰਾਂ ਵਿੱਚ ਟੇਲਾਂ ’ਤੇ ਨਹਿਰੀ ਪਾਣੀ ਦੀ ਸਮੱਸਿਆ ਆਉਂਦੀ ਹੈ। ਇਸ ਮੀਟਿੰਗ ਵਿੱਚ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ, ਖੇਮਕਰਨ ਤੋਂ ਵਿਧਾਇਕ ਸਰਵਣ ਸਿੰਘ ਧੁੰਨ ਤੇ ਫ਼ਾਜ਼ਿਲਕਾ ਤੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਹਾਜ਼ਰ ਸਨ। ਉਨ੍ਹਾਂ ਅਧਿਕਾਰੀਆਂ ਨੂੰ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਾਈਨਰਾਂ/ਰਜਬਾਹਿਆਂ ਦੀ ਸਫ਼ਾਈ ਤੇ ਮੁਰੰਮਤ ਦਾ ਕੰਮ ਮੁਕੰਮਲ ਕਰਨ ਲਈ ਕਿਹਾ। ਮੰਤਰੀ ਨੇ ਨਹਿਰੀ ਪਾਣੀ ਦੀ ਚੋਰੀ ਰੋਕਣ ਲਈ ਝੋਨੇ ਦੇ ਸੀਜ਼ਨ ਦੌਰਾਨ ਮੁਸਤੈਦੀ ਵਰਤਣ ਲਈ ਕਿਹਾ ਤੇ ਅਧਿਕਾਰੀਆਂ ਨੂੰ ਚੋਰੀ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਹਦਾਇਤ ਕੀਤੀ। ਜਿੰਪਾ ਨੇ ਅਰਨੀਵਾਲਾ, ਭਾਗਸਰ, ਲਾਧੂਕਾ, ਮਮਦੋਟ, ਲਕਸ਼ਮਣ, ਬਰਕਤਵਾਹ ਤੇ ਫੈਜ਼ਵਾਹ ਮਾਈਨਰ ਦੀ ਮੁਰੰਮਤ/ਸਫ਼ਾਈ ਦਾ ਕੰਮ ਜਲਦੀ ਮੁਕੰਮਲ ਕਰਨ ਦੇ ਆਦੇਸ਼ ਵੀ ਦਿੱਤੇ।
'ਆਪ' ਸਰਕਾਰ ਕਰੇਗੀ ਇੱਕ ਹੋਰ ਚੋਰ ਮੋਰੀ ਬੰਦ, 'ਪਾਣੀ ਚੋਰਾਂ' 'ਤੇ ਸ਼ਿਕੰਜਾ ਕੱਸਣ ਦੀਆਂ ਹਦਾਇਤਾਂ
abp sanjha | ravneetk | 28 Apr 2022 09:41 AM (IST)
ਕੈਬਨਿਟ ਮੰਤਰੀ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਬੁੱਧਵਾਰ ਨੂੰ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਮੀਟਿੰਗ ਕੀਤੀ। ਮੀਟਿੰਗ ਵਿੱਚ ਆਗਾਮੀ ਝੋਨੇ ਦੇ ਸੀਜ਼ਨ ਨੂੰ ਲੈ ਕੇ ਨਹਿਰੀ ਪਾਣੀ ਦੀ ਸਪਲਾਈ ’ਚ ਸੁਧਾਰ ਕਰਨ ਬਾਰੇ ਚਰਚਾ ਕੀਤੀ ਗਈ
ਕੈਬਨਿਟ ਮੰਤਰੀ ਮੰਤਰੀ ਬ੍ਰਹਮ ਸ਼ੰਕਰ ਜਿੰਪਾ