ਚੰਡੀਗੜ੍ਹ: ਵੀਰਵਾਰ ਨੂੰ ਬਠਿੰਡਾ ਵਿੱਚ ਸੁਖਪਾਲ ਖਹਿਰਾ ਵੱਲੋਂ ਤਕੜਾ ਇਕੱਠ ਕਰ ਕੇ ਦਿਖਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਕੌਮੀ ਲੀਡਰਸ਼ਿਪ ਵਿੱਚ ਹਿੱਲਜੁਲ ਸ਼ੁਰੂ ਹੋ ਗਈ ਹੈ। ਇਸ ਦੇ ਜਵਾਬ ਵਿੱਚ ਹੁਣ ਆਉਣ ਵਾਲੇ ਕੁਝ ਦਿਨਾਂ ਵਿੱਚ ਦਿੱਲੀ ਪੱਖੀ ਲੀਡਰਸ਼ਿਪ ਆਪਣੀ ਰੈਲੀ ਕਰਨ ਦੀ ਯੋਜਨਾ ਵਿੱਚ ਹੈ। ਇਸ ਲਈ ਆਉਣ ਵਾਲੇ ਕੁਝ ਦਿਨਾਂ ਵਿੱਚ ਕਈ ਮੀਟਿੰਗਾਂ ਕੀਤੀਆਂ ਜਾਣਗੀਆਂ।

'ਆਪ' ਦੇ ਪੰਜਾਬ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਚਾਰ ਅਗਸਤ ਨੂੰ ਪਾਰਟੀ ਦੇ ਤਕਰੀਬਨ 1,000 ਅਹੁਦੇਦਾਰਾਂ ਨੂੰ ਚੰਡੀਗੜ੍ਹ ਮੀਟਿੰਗ ਲਈ ਸੱਦਿਆ ਹੈ। ਇਸ ਬੈਠਕ ਵਿੱਚ 'ਆਪ' ਦੀ ਕੌਮੀ ਲੀਡਰਸ਼ਿਪ ਵਾਲੀ ਰੈਲੀ ਲਈ ਯੋਜਨਾ ਉਲੀਕੀ ਜਾਵੇਗੀ। ਇਹ ਸੂਬਾ ਪੱਧਰੀ ਰੈਲੀ 13 ਅਗਸਤ ਨੂੰ ਕੀਤੀ ਜਾ ਸਕਦੀ ਹੈ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਇਸ ਦੀ ਪ੍ਰਧਾਨਗੀ ਕਰਨਗੇ।

ਖਹਿਰਾ ਨੇ ਆਪਣੀ ਰੈਲੀ ਵਿੱਚ ਇਕੱਠ ਬੇਸ਼ੱਕ ਜ਼ਬਰਦਸਤ ਕਰ ਲਿਆ ਸੀ, ਪਰ ਉਹ ਤਾਕਤਾਂ ਅਖ਼ਤਿਆਰ ਕਰਨ ਲਈ 20 ਵਿੱਚੋਂ ਲੋੜੀਂਦੇ ਵਿਧਾਇਕ ਜੋੜ ਨਾ ਸਕੇ। ਡਾ. ਬਲਬੀਰ ਨੇ ਕਿਹਾ ਕਿ ਖਹਿਰਾ ਧੜੇ ਦੀ 'ਕਾਰਵਾਈ' ਦਾ ਕੋਈ ਅਸਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਵਿਧਾਇਕ ਉਨ੍ਹਾਂ ਨਾਲ ਗਏ ਹਨ, ਉਹ ਵੀ ਵਾਪਸ ਆ ਜਾਣਗੇ ਤੇ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ।