ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਬਗਾਵਤ ਕਰਨ ਵਾਲੇ ਲੀਡਰਾਂ ਖਿਲਾਫ ਸਖਤੀ ਸ਼ੁਰੂ ਕਰ ਦਿੱਤੀ ਹੈ। 'ਆਪ' ਦੇ ਬੁਲਾਰੇ ਮੁਤਾਬਕ ਕੌਮੀ ਕੌਂਸਲ ਦੇ ਮੈਂਬਰ ਪਵਿੱਤਰ ਸਿੰਘ, ਸਟੇਟ ਮੀਡੀਆ ਟੀਮ ਦੇ ਮੈਂਬਰ ਕਰਨਲ ਜਸਜੀਤ ਸਿੰਘ ਗਿੱਲ, ਸਰਕਲ ਇੰਚਾਰਜ ਜਗਤਾਰ ਸਿੰਘ, ਮਹਿਲਾ ਵਿੰਗ ਨਾਲ ਸਬੰਧਤ ਲਖਵਿੰਦਰ ਕੌਰ ਨੂੰ ਪਾਰਟੀ ਵਿੱਚੋ ਕੱਢ ਦਿੱਤਾ ਹੈ। ਇਸ ਤੋਂ ਇਲਾਵਾ ਐਨ.ਆਰ.ਆਈ. ਸੈੱਲ ਨਾਲ ਸਬੰਧਤ ਹਰਪਾਲ ਸਿੰਘ, ਡਾ. ਅਮਨਦੀਪ ਸਿੰਘ ਬੈਂਸ, ਬਲਜੀਤ ਸਿੰਘ ਚਹਿਲ, ਕਰਨਲ ਦਲਵਿੰਦਰ ਸਿੰਘ ਗਰੇਵਾਲ ਤੇ ਅਮਨਦੀਪ ਸਿੰਘ ਬੋਪਾਰਾਏ ਪਿਛਲੇ ਕਾਫ਼ੀ ਸਮੇ ਤੋਂ ਪਾਰਟੀ ਵਿਰੋਧੀ ਸਰਗਰਮੀਆਂ ਦੇ ਚਲਦੇ ਪਾਰਟੀ ਤੋਂ ਅਲੱਗ ਹੋ ਗਏ ਹਨ। 'ਆਪ' ਦੇ ਬੁਲਾਰੇ ਨੇ ਸਪਸ਼ਟ ਕੀਤਾ ਕਿ ਹੁਣ ਇਨ੍ਹਾਂ ਵਿਅਕਤੀਆਂ ਦਾ ਆਮ ਆਦਮੀ ਪਾਰਟੀ ਨਾਲ ਕੋਈ ਸਬੰਧ ਨਹੀਂ ਰਿਹਾ। ਇਸ ਤੋਂ ਇਲਾਵਾ 'ਆਪ' ਪੰਜਾਬ ਦੇ ਕਨਵੀਨਰ ਦੇ ਅਹੁਦੇ ਤੋਂ ਹਟਾਏ ਗਏ ਸੁੱਚਾ ਸਿੰਘ ਛੋਟੇਪੁਰ ਨੇ ਵੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।