ਕੇਜਰੀਵਾਲ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਨਾਲ ਕਰਨ 'ਤੇ 'ਆਪ' ਉਮੀਦਵਾਰ ਵਿਰੁੱਧ ਕਾਰਵਾਈ ਦੀ ਮੰਗ
ਏਬੀਪੀ ਸਾਂਝਾ | 20 Apr 2019 11:53 AM (IST)
ਉਨ੍ਹਾਂ ਸ਼੍ਰੋਮਣੀ ਕਮੇਟੀ ਤੋਂ ਮਨਜਿੰਦਰ ਸਿੰਘ ਸਿੱਧੂ ’ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕਥਿਤ ਦੋਸ਼ ਹੇਠ ਧਾਰਾ 295-ਏ ਤਹਿਤ ਅਪਰਾਧਿਕ ਮਾਮਲਾ ਦਰਜ ਕਰਵਾਉਣ ਦੀ ਮੰਗ ਕੀਤੀ ਹੈ।
ਪਟਿਆਲਾ: ਪਿਛਲੇ ਦਿਨੀਂ ਵਾਇਰਲ ਹੋਈ ਵੀਡੀਓ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਪ੍ਰਧਾਨ ਅਤੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵਧਦੀਆਂ ਜਾਪ ਰਹੀਆਂ ਹਨ। ਸਿੱਧੂ ਦੀ ਵਾਇਰਲ ਵੀਡੀਓ ਮਗਰੋਂ ਉਸ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਵਿੱਚ ਉਹ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਤੁਲਨਾ ਕਰਦੇ ਵਿਖਾਈ ਦੇ ਰਹੇ ਹਨ। ਹਾਲਾਂਕਿ, ਸਿੱਧੂ ਨੇ ਆਪਣੇ ਉੱਪਰ ਲੱਗਣ ਵਾਲੇ ਦੋਸ਼ ਰੱਦ ਕਰਦਿਆਂ ਇਸ ਨੂੰ ਪੀਡੀਏ ਦੀ ਸਾਜ਼ਿਸ਼ ਦੱਸਿਆ। ਇਸ ਮਾਮਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਸ਼੍ਰੋਮਣੀ ਕਮੇਟੀ ਤੋਂ ਮਨਜਿੰਦਰ ਸਿੰਘ ਸਿੱਧੂ ’ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕਥਿਤ ਦੋਸ਼ ਹੇਠ ਧਾਰਾ 295-ਏ ਤਹਿਤ ਅਪਰਾਧਿਕ ਮਾਮਲਾ ਦਰਜ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਮਨਜਿੰਦਰ ਸਿੰਘ ਸਿੱਧੂ ਨੂੰ ਸ੍ਰੀ ਅਕਾਲ ਤਖ਼ਤ ’ਤੇ ਤਲਬ ਕਰਕੇ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਹਾਲਾਂਕਿ, ਮਨਜਿੰਦਰ ਸਿੰਘ ਸਿੱਧੂ ਇਸ ਮਾਮਲੇ 'ਤੇ ਆਪਣਾ ਸਪੱਸ਼ਟੀਕਰਨ ਵੀ ਪੇਸ਼ ਕਰ ਚੁੱਕਿਆ ਹੈ ਅਤੇ ਮੁਆਫ਼ੀ ਵੀ ਮੰਗੀ ਹੈ। ਦੇਖੋ ਵੀਡੀਓ-