ਜਲੰਧਰ: ਸ਼ਾਹਕੋਟ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜਣ ਵਾਲੇ ਡਾ. ਅਮਰਜੀਤ ਸਿੰਘ ਕੱਲ੍ਹ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਣਗੇ। ਸ਼ਾਹਕੋਟ ਵਿੱਚ ਹੋਣ ਵਾਲੇ ਸਮਾਗਮ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਉਨ੍ਹਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਵਾਉਣਗੇ। ਅਕਾਲੀ ਵਿਧਾਇਕ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਮੌਤ ਤੋਂ ਬਾਅਦ ਇਸ ਸੀਟ 'ਤੇ ਜ਼ਿਮਨੀ ਚੋਣ ਹੋਣੀ ਹੈ। 35 ਸਾਲ ਦੇ ਐਮਬੀਬੀਐਸ ਡਾਕਟਰ ਅਮਰਜੀਤ ਨੇ ਅਕਾਲੀ ਦਲ ਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਚੰਗੀ ਟੱਕਰ ਦਿੱਤੀ ਸੀ। ਸ਼ਾਹਕੋਟ ਸੀਟ ਜਿੱਤਣ ਵਾਲੇ ਕੋਹਾੜ ਨੂੰ 46,913 ਵੋਟਾਂ ਮਿਲੀਆਂ ਸਨ। ਕਾਂਗਰਸ ਦੇ ਹਰਦੇਵ ਲਾਡੀ ਨੂੰ 42,008 ਤੇ ਡਾਕਟਰ ਅਮਰਜੀਤ ਨੂੰ 41,010 ਵੋਟਾਂ ਮਿਲੀਆਂ ਸਨ।

ਡਾ. ਅਮਰਜੀਤ ਨੇ ਫੋਨ 'ਤੇ ਏਬੀਪੀ ਸਾਂਝਾ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਪਾਰਟੀ ਪ੍ਰਧਾਨ ਕੇਜਰੀਵਾਲ ਦੀ ਮੁਆਫੀ ਤੋਂ ਪ੍ਰੇਸ਼ਾਨ ਹਨ। ਦੂਜਾ ਪੰਜਾਬ ਦੇ ਲੀਡਰਾਂ ਵਿੱਚ ਧੜੇਬੰਦੀ ਬੜੀ ਵਧ ਗਈ ਹੈ। ਸਾਰੇ ਆਪਣੇ-ਆਪਣੇ ਵਿੱਚ ਲੱਗੇ ਹਨ। ਉਹ ਸ਼ਾਹਕੋਟ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਦੇ ਉਮੀਦਵਾਰ ਹੋਣਗੇ, ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਅਜਿਹੀ ਕੋਈ ਗੱਲ ਨਹੀਂ ਹੋਈ। ਜੋ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਕਹਿਣਗੇ ਉਹੀ ਹੋਵੇਗਾ।