ਬਠਿੰਡਾ: ਜ਼ਿਲ੍ਹੇ ਦੇ ਕਸਬੇ ਰਾਮਪੁਰਾ ਫ਼ੂਲ ਦੇ ਲਾਗਲੇ ਪਿੰਡ ਪਿੱਥੋ ਦਾ ਫ਼ੌਜੀ ਜਵਾਨ ਕੁਲਦੀਪ ਸਿੰਘ ਸ਼੍ਰੀਨਗਰ ਵਿੱਚ ਸ਼ਹੀਦ ਹੋ ਗਿਆ। ਪਿੰਡ ਵਿੱਚ ਫ਼ੌਜੀ ਜਵਾਨ ਦੇ ਸ਼ਹੀਦ ਹੋਣ ਦਾ ਪਤਾ ਚਲਦਿਆਂ ਹੀ ਮਾਤਮ ਛਾ ਗਿਆ। ਸ਼ਹੀਦ ਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਲਦੀਪ ਸਿੰਘ (24) ਤਿੰਨ ਕੁ ਸਾਲ ਪਹਿਲਾਂ ਫ਼ੌਜ ਵਿੱਚ ਭਰਤੀ ਹੋਇਆ ਸੀ ਤੇ ਅੱਜ-ਕੱਲ੍ਹ ਸ਼੍ਰੀਨਗਰ ਵਿਖੇ ਤਾਇਨਾਤ ਸੀ। ਕੁਲਦੀਪ ਸਿੰਘ ਤਿੰਨ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਤੇ ਅਣਵਿਆਹਿਆ ਸੀ। ਥਾਣਾ ਸਦਰ ਰਾਮਪੁਰਾ ਦੇ ਮੁਖੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਸ਼ਹੀਦ ਕੁਲਦੀਪ ਦੀ ਮ੍ਰਿਤਕ ਦੇਹ ਕੱਲ੍ਹ ਤੱਕ ਪਿੰਡ ਪਿੱਥੋ ਪਹੁੰਚ ਜਾਵੇਗੀ। ਹਾਲਾਂਕਿ, ਕੁਲਦੀਪ ਸਿੰਘ ਦੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।