ਚੰਡੀਗੜ੍ਹ: ਵਾਇਰਲ ਆਡੀਓ ਕਲਿੱਪ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਹਰਬੰਸ ਕੌਰ ਦੂਲੋ ਨੂੰ ਨਹੀਂ ਪਤਾ ਕਿ ਉਹ ਪਾਰਟੀ ਵਿੱਚ ਕਿਵੇਂ ਆਈ ਹੈ। ਆਡੀਓ ਵਿੱਚ ਸੁਣਾਈ ਦੇ ਰਿਹਾ ਹੈ ਕਿ ਔਰਤ ਕਿਸੇ ਤੋਂ ਸਮਰਥਨ ਦੀ ਅਪੀਲ ਕਰਦੀ ਕਹਿੰਦੀ ਹੈ ਕਿ ਉਸ ਨੇ 'ਆਪ' 'ਚ ਆ ਕੇ ਗ਼ਲਤੀ ਕਰ ਲਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਆਡੀਓ ਵਿੱਚ ਕਥਿਤ ਆਵਾਜ਼ ਹਰਬੰਸ ਦੂਲੋ ਦੀ ਹੀ ਹੈ।

ਆਡੀਓ ਵਿੱਚ ਮਹਿਲਾ ਕਾਂਗਰਸ 'ਤੇ ਵੀ ਇਲਜ਼ਾਮ ਲਾ ਰਹੀ ਹੈ। ਉਹ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਕਾਂਗਰਸ ਨੇ ਉਸ ਨੂੰ ਕਿਸੇ ਚੇਅਰਮੈਨੀ ਦੀ ਪੇਸ਼ਕਸ਼ ਨਹੀਂ ਕੀਤੀ ਜਦਕਿ ਉਹ ਲੰਮੇ ਸਮੇਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕਰਦੀ ਰਹੀ ਜਦਕਿ ਉਸ ਦੇ ਪਤੀ ਸ਼ਮਸ਼ੇਰ ਦੂਲੋ ਦੀ ਉਨ੍ਹਾਂ ਨਾਲ ਅਣਬਣ ਚੱਲ ਰਹੀ ਸੀ।

ਆਪਣੇ ਉਮੀਦਵਾਰ ਵੱਲੋਂ ਹੀ ਪੈਰ ਪਿੱਛੇ ਖਿੱਚੇ ਜਾਣ ਸਬੰਧੀ ਕਥਿਤ ਆਡੀਓ ਕਾਰਨ 'ਆਪ' ਵੀ ਹੱਕੀ-ਬੱਕੀ ਜਾਪਦੀ ਹੈ। ਹਾਲਾਂਕਿ, 'ਆਪ' ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਦੂਲੋ ਦੀ ਉਮੀਦਵਾਰੀ ਨੂੰ ਮੁੜ ਵਿਚਾਰੇ ਜਾਣ ਦਾ ਸਿੱਧਾ ਜਵਾਬ ਤਾਂ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੇ ਪਹਿਲੇ ਉਮੀਦਵਾਰ ਨੇ ਹੀ ਦੂਲੋ ਨੂੰ ਖੜ੍ਹੇ ਕਰਨ ਦਾ ਪ੍ਰਸਤਾਵ ਰੱਖਿਆ ਸੀ, ਪਰ ਉਹ ਵਲੰਟੀਅਰਜ਼ ਤੇ ਸਮਰਥਕਾਂ ਦੀ ਸਹਿਮਤੀ ਨਾਲ ਹੀ ਕੋਈ ਫੈਸਲਾ ਲੈਣਗੇ।