ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਬੀਜੇਪੀ ਦੇ ਸਾਬਕਾ ਸਾਂਸਦ ਨਵਜੋਤ ਸਿੱਧੂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਬਾਰੇ ਵਿਚਾਰ-ਮੰਥਨ ਸ਼ੁਰੂ ਕਰ ਦਿੱਤਾ ਹੈ। ਇਸ ਬਾਰੇ ਅੱਜ ਪੰਜਾਬ ਦੇ ਆਗੂਆਂ ਦੀ ਹਾਈਕਮਾਨ ਨਾਲ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ 'ਆਪ' ਲੀਡਰ ਸੰਜੇ ਸਿੰਘ, ਦੁਰਗੇਸ਼ ਪਾਠਕ ਤੇ ਭਗਵੰਤ ਮਾਨ ਸ਼ਾਮਲ ਹਨ।
ਕਾਬਲੇਗੌਰ ਹੈ ਕਿ ਨਵਜੋਤ ਸਿੱਧੂ ਵੱਲੋਂ ਰਾਜ ਸਭਾ ਮੈਂਬਰੀ ਤੋਂ ਅਸਤੀਫਾ ਦੇਣ ਮਗਰੋਂ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਉਹ 'ਆਪ' ਵਿੱਚ ਸ਼ਾਮਲ ਹੋ ਰਹੇ ਹਨ। ਇਹ ਵੀ ਚਰਚਾ ਹੈ ਕਿ ਉਨ੍ਹਾਂ ਨੂੰ 'ਆਪ' ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਜਾ ਸਕਦਾ ਹੈ। ਇਸ ਬਾਰੇ ਭਾਵੇਂ ਅਜੇ ਤੱਕ ਨਾ ਤਾਂ ਸਿੱਧੂ ਹੂ ਕੁਝ ਬੋਲ ਰਹੇ ਹਨ ਤੇ ਨਾ ਹੀ 'ਆਪ' ਵੱਲੋਂ ਕੋਈ ਸਪਸ਼ਟ ਜਵਾਬ ਦਿੱਤਾ ਜਾ ਰਿਹਾ ਹੈ।
ਇਹ ਵੀ ਪਤਾ ਲੱਗਾ ਹੈ ਕਿ ਸਿੱਧੂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨੇ ਜਾਣ ਦੀ ਚਰਚਾ ਨਾਲ 'ਆਪ' ਅੰਦਰ ਵੀ ਖਲਬਲੀ ਮੱਚ ਗਈ ਹੈ। ਸੂਤਰਾਂ ਅਨੁਸਾਰ ਕਈ ਪੁਰਾਣੇ ਲੀਡਰ ਇਸ ਗੱਲ਼ ਤੋਂ ਖੁਸ਼ ਨਹੀਂ ਕਿ ਬਾਹਰੀ ਪਾਰਟੀ ਦੇ ਲੀਡਰ ਨੂੰ ਸ਼ਾਮਲ ਕਰਕੇ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਜਾਵੇ।
ਇਸ ਸਾਰੇ ਘਟਨਾਕ੍ਰਮ ਤੋਂ ਬਾਅਦ 'ਆਪ' ਨੇ ਅੱਜ ਹੰਗਾਮੀ ਮੀਟਿੰਗ ਬੁਲਾਈ। ਇਸ ਮੀਟਿੰਗ ਵਿੱਚ ਸਿੱਧੂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੇ ਸਾਰੇ ਨਫੇ ਨੁਕਸਾਨ ਵਿਚਾਰੇ ਗਏ ਹਨ। 'ਆਪ' ਦੇ ਸੀਨੀਅਰ ਲੀਡਰ ਸੰਜੇ ਸਿੰਘ ਨੇ ਕਿਹਾ ਕਿ ਸਮਾਂ ਆਉਣ 'ਤੇ ਸਭ ਕੁਸ਼ ਸਪਸ਼ਟ ਹੋ ਜਾਏਗਾ।