ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਨੂੰ ਪੈਸੇ ਦੀ ਬਰਬਾਦੀ ਕਰਾਰ ਦਿੰਦੇ ਹੋਏ ਸੈਸ਼ਨ ਦੌਰਾਨ 13 ਦਸੰਬਰ ਦੇ ਬਣਦੇ ਟੀਏ/ਡੀਏ ਤੇ ਹੋਰ ਭੱਤੇ ਨਾ ਲੈਣ ਦਾ ਫ਼ੈਸਲਾ ਲਿਆ ਹੈ। ਅਰੋੜਾ ਨੇ ਕਿਹਾ ਕਿ ਉਨ੍ਹਾਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਪੱਤਰ ਲਿਖ ਕੇ 13 ਦਸੰਬਰ ਦੇ ਆਪਣੇ ਭੱਤੇ ਨਾ ਲੈਣ ਸਬੰਧੀ ਜਾਣਕਾਰੀ ਦੇ ਦਿੱਤੀ ਹੈ।

ਅਰੋੜਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ 13 ਦਸੰਬਰ ਨੂੰ ਸਿਰਫ਼ 11 ਮਿੰਟਾਂ ਵਿੱਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਕੇ ਸੈਸ਼ਨ ਉਠਾ ਦਿੱਤਾ ਗਿਆ ਜੋ ਕੰਗਾਲੀ 'ਤੇ ਖੜ੍ਹੇ ਪੰਜਾਬ ਨਾਲ ਬੇਹੱਦ ਭੱਦਾ ਮਜ਼ਾਕ ਹੈ। ਉਨ੍ਹਾਂ ਸਪੀਕਰ ਨੂੰ ਲਿਖਿਆ ਕਿ ਜਦਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਕੁਝ ਵਕਫ਼ੇ ਤੋਂ ਬਾਅਦ ਸੈਸ਼ਨ ਦੁਬਾਰਾ ਬਹਾਲ ਕਰਕੇ ਲੋਕਾਂ ਦੇ ਮਸਲੇ ਵਿਚਾਰੇ ਜਾਂਦੇ ਪਰ ਇਸ ਤਰ੍ਹਾਂ ਨਹੀਂ ਕੀਤਾ ਗਿਆ। ਇਸ ਲਈ ਜਿਸ ਦਿਨ ਉਨ੍ਹਾਂ ਨੇ ਪੰਜਾਬ ਦਾ ਕੋਈ ਕੰਮ ਨਹੀਂ ਕੀਤਾ ਤਾਂ ਉਸ ਦਿਨ ਦੇ ਭੱਤੇ ਤੇ ਟੀਏ/ਡੀਏ ਲੈਣ ਨੂੰ ਉਹ ਜਾਇਜ਼ ਨਹੀਂ ਮੰਨਦੇ ਤੇ ਉਨ੍ਹਾਂ ਦੀ ਜ਼ਮੀਰ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿੰਦੀ।

ਅਮਨ ਅਰੋੜਾ ਨੇ ਅੱਗੇ ਲਿਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਕਿਹਾ ਸੀ ਕਿ ਇੱਕ ਦਿਨ ਦਾ ਸੈਸ਼ਨ ਚਲਾਉਣ 'ਤੇ 70 ਲੱਖ ਰੁਪਏ ਖ਼ਰਚ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੈਪਟਨ, ਉਨ੍ਹਾਂ ਦੀ ਸਰਕਾਰ ਤੇ ਖ਼ੁਦ ਸਪੀਕਰ ਇਹ ਜਾਣਦੇ ਹਨ ਤਾਂ ਫਿਰ ਲੋਕਾਂ ਦੇ ਖ਼ਜ਼ਾਨੇ ਦੇ 70 ਲੱਖ ਰੁਪਏ ਪਾਣੀ ਵਿੱਚ ਰੋੜ੍ਹਨ ਲਈ ਜ਼ਿੰਮੇਵਾਰ ਕੌਣ ਹੈ?