ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਨਸ਼ਿਆਂ ਦੀ ਤਸਕਰੀ ਰੋਕਣ ਲਈ ਸੂਬਾ ਸਰਕਾਰ ਕੋਲੋਂ ਗਠਿਤ ਕੀਤੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦਾ ਚੌਥੀ ਵਾਰ ਮੁਖੀ ਬਦਲੇ ਜਾਣ ਦਾ ਗੰਭੀਰ ਨੋਟਿਸ ਲੈਂਦੇ ਹੋਏ ਇਲਜ਼ਾਮ ਲਾਇਆ ਹੈ ਕਿ ਸਰਕਾਰ ਤਸਕਰਾਂ ਨੂੰ ਨੱਥ ਪਾਉਣ ਦੀ ਥਾਂ ਸਿਰਫ਼ 'ਦਿਖਾਵੇਬਾਜ਼ੀ' 'ਚ ਡੰਗ ਟਪਾ ਰਹੀ ਹੈ, ਜਦਕਿ ਨਸ਼ਾ ਮਾਫ਼ੀਆ ਨੂੰ ਕੁਚਲਨ ਲਈ ਫ਼ੈਸਲਾਕੁਨ ਐਕਸ਼ਨ (ਕਾਰਵਾਈ) ਦੀ ਜ਼ਰੂਰਤ ਹੈ।


ਪਾਰਟੀ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਕੋਰ ਕਮੇਟੀ ਮੈਂਬਰ ਤੇ ਸਾਬਕਾ ਐਮਪੀ ਪ੍ਰੋ. ਸਾਧੂ ਸਿੰਘ ਤੇ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਨਸ਼ਾ ਮਾਫ਼ੀਆ ਵਿਰੁੱਧ ਐਸਟੀਐਫ ਗਠਿਤ ਹੋਇਆਂ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਨਸ਼ਿਆਂ ਦਾ ਰੁਝਾਨ ਰੁਕਣ ਦੀ ਥਾਂ ਹੋਰ ਘਾਤਕ ਰੂਪ ਲੈ ਗਿਆ ਹੈ। ਸਰਕਾਰ ਨੇ ਐਸਟੀਐਫ ਦੀਆਂ ਰਿਪੋਰਟਾਂ 'ਤੇ ਐਕਸ਼ਨ ਲੈਣ ਦੀ ਥਾਂ ਐਸਟੀਐਫ ਮੁਖੀਆਂ ਨੂੰ ਬਦਲਣ 'ਚ ਹੀ ਸਮਾਂ ਲੰਘਾ ਦਿੱਤਾ।

'ਆਪ' ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਹਰਪ੍ਰੀਤ ਸਿੰਘ ਸਿੱਧੂ ਨੂੰ ਹੁਣ ਦੁਬਾਰਾ ਕਿਉਂ ਲਾਇਆ ਗਿਆ ਹੈ ਤੇ ਉਹ ਕਿਹੜੇ ਕਾਰਨ ਸਨ ਜਿਸ ਕਰਕੇ ਪਹਿਲਾ ਤਬਾਦਲਾ ਕੀਤਾ ਗਿਆ ਸੀ? ਕੁਲਤਾਰ ਸਿੰਘ ਸੰਧਵਾਂ ਨੇ ਸਪਸ਼ਟ ਕਿਹਾ, ਸਾਨੂੰ ਹਰਪ੍ਰੀਤ ਸਿੰਘ ਸਿੱਧੂ ਦੀ ਦਿਆਨਤਦਾਰੀ ਤੇ ਡਿਊਟੀ ਪ੍ਰਤੀ ਦ੍ਰਿੜ੍ਹਤਾ 'ਤੇ ਕੋਈ ਸ਼ੱਕ ਨਹੀਂ, ਪਰ ਕੈਪਟਨ ਅਮਰਿੰਦਰ ਸਿੰਘ ਦੀ ਨੀਅਤ 'ਚ ਖੋਟ ਸਾਫ਼ ਨਜ਼ਰ ਆ ਰਹੀ ਹੈ।

ਉਨ੍ਹਾਂ ਸਵਾਲ ਕੀਤਾ ਕਿ ਕੀ ਕੈਪਟਨ ਸਾਹਿਬ ਲੋਕਾਂ ਨੂੰ ਸਪਸ਼ਟ ਕਰਨਗੇ ਕਿ ਨਸ਼ਿਆਂ ਦੇ ਮਾਮਲੇ 'ਚ ਜਿਸ ਸੀਨੀਅਰ ਪੁਲਿਸ ਅਫ਼ਸਰ ਰਾਜਜੀਤ ਸਿੰਘ ਦੇ ਖ਼ਿਲਾਫ਼ ਹਰਪ੍ਰੀਤ ਸਿੰਘ ਸਿੰਧੂ ਨੇ ਰਿਪੋਰਟ ਦਿੱਤੀ ਸੀ, ਉਸ 'ਤੇ ਕੀ ਐਕਸ਼ਨ ਲਿਆ ਗਿਆ? ਜੇ ਨਹੀਂ ਤਾਂ ਸਰਕਾਰ ਕਿਸ ਦੇ ਦਬਾਅ ਹੇਠ ਹੈ? ਪ੍ਰੋ. ਸਾਧੂ ਸਿੰਘ ਤੇ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਇੱਕ ਰਿਪੋਰਟ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਬਾਰੇ ਵੀ ਤਿਆਰ ਕੀਤੀ ਸੀ, ਪੰਜਾਬ ਦੇ ਲੋਕ ਉਸ ਬਾਰੇ ਵੀ ਜਾਣਨਾ ਚਾਹੁੰਦੇ ਹਨ।