ਚੰਡੀਗੜ੍ਹ: ਕਾਂਗਰਸੀ ਲੀਡਰ ਨਵਜੋਤ ਸਿੱਧੂ ਤੋਂ ਵਾਪਸ ਲਏ ਸਥਾਨਕ ਸਰਕਾਰਾਂ ਵਿਭਾਗ ਵਿੱਚ ਨਵਾਂ ਪੁਆੜਾ ਪੈ ਗਿਆ ਹੈ। ਸੂਤਰਾਂ ਮੁਤਾਬਕ ਵਿਭਾਗ 'ਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਬੰਧਤ ਕੁਝ ਫਾਈਲਾਂ ਗੁੰਮ ਹੋ ਗਈਆਂ ਹਨ। ਇਨ੍ਹਾਂ ਵਿੱਚ ਇੱਕ ਫਾਈਲ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਨਾਲ ਸਬੰਧਤ ਹੈ। ਇਸ ਕੇਸ ਵਿੱਚ ਕੈਪਟਨ ਦਾ ਵੀ ਨਾਂ ਬੋਲਦਾ ਹੈ।
ਉਂਝ, ਪੰਜਾਬ ਵਿਜੀਲੈਂਸ ਬਿਊਰੋ ਪਹਿਲਾਂ ਹੀ 1144 ਕਰੋੜ ਰੁਪਏ ਦੇ ਕਥਿਤ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਿੱਚ ਮੁੱਖ ਮੰਤਰੀ ਨੂੰ ਕਲੀਨ ਚਿੱਟ ਦੇ ਚੁੱਕੀ ਹੈ। ਇਸ ਕੇਸ ਨੂੰ ਬੰਦ ਕਰਵਾਉਣ ਦੀ ਤਿਆਰੀ ਵਿੱਚ ਹੈ। ਇਨ੍ਹਾਂ ਫਾਈਲਾਂ ਨੂੰ ਕੈਪਟਨ ਤੇ ਸਿੱਧੂ ਦੀ ਲੜਾਈ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸਿੱਧੂ ਨੇ ਚਾਰਜ ਛੱਡਣ ਵੇਲੇ ਫਾਈਲਾਂ ਵਾਪਸ ਸੌਂਪ ਦਿੱਤੀਆਂ ਸੀ ਪਰ ਹੁਣ ਕੁਝ ਅਹਿਮ ਫਾਈਲਾਂ ਨਹੀਂ ਮਿਲ ਰਹੀਆਂ।
ਸੂਤਰਾਂ ਮੁਤਾਬਕ ਜਿਹੜੀਆਂ ਪੰਜ ਫਾਈਲਾਂ ਗੁੰਮ ਹਨ, ਇਨ੍ਹਾਂ ਵਿੱਚ ਈਸ਼ਰ ਨਗਰ ਲੁਧਿਆਣਾ ਦੀ ਖੇਤੀਬਾੜੀ ਜ਼ਮੀਨ ਵਿੱਚ ਨਜਾਇਜ਼ ਉਸਾਰੀਆਂ ਨਾਲ ਸਬੰਧਤ ਫਾਈਲ, ਨਗਰ ਪਾਲਿਕਾਵਾਂ ਦੇ ਅਧਿਕਾਰ ਖੇਤਰ ਵਿੱਚੋਂ ਮਨੋਰੰਜਨ ਟੈਕਸ ਨਾਲ ਸਬੰਧਤ ਫਾਈਲ, ਨਗਰ ਪੰਚਾਇਤ ਮਹਿਰਾਜ ਬਠਿੰਡਾ ਵਿੱਚ ਨਵੇਂ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਨਾਲ ਸਬੰਧਤ ਫਾਈਲ ਵੀ ਸ਼ਾਮਲ ਹੈ।
ਉਧਰ, ਫਾਈਲਾਂ ਗੁੰਮ ਹੋਣ ਦਾ ਪਤਾ ਲੱਗਦਿਆਂ ਹੀ ਅਫਸਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਅਫਸਰ ਫਾਈਲਾਂ ਨੂੰ ਲੱਭਣ ਲਈ ਜੁੱਟ ਗਏ ਹਨ। ਇਸ ਵੇਲੇ ਸਥਾਨਕ ਸਰਕਾਰਾਂ ਵਿਭਾਗ ਬ੍ਰਹਮ ਮਹਿੰਦਰਾ ਕੋਲ ਹੈ। ਫਾਈਲਾਂ ਨਾ ਮਿਲਣ ਕਰਕੇ ਸੀਨੀਅਰ ਅਧਿਕਾਰੀ ਨੂੰ ਨਵਜੋਤ ਸਿੱਧੂ ਨਾਲ ਸੰਪਰਕ ਰੱਖਣ ਲਈ ਕਿਹਾ ਗਿਆ ਤਾਂ ਇਸ ਗੱਲ ਦਾ ਪਤਾ ਲਾਇਆ ਜਾ ਸਕੇ ਕਿ ਜਿਹੜੀਆਂ ਫਾਈਲਾਂ ਮਿਲ ਨਹੀਂ ਰਹੀਆਂ, ਉਹ ਸਿੱਧੂ ਕੋਲ ਹਨ ਜਾਂ ਨਹੀਂ। ਉਧਰ, ਸਿੱਧੂ ਨਾਲ ਛੇ ਜੂਨ ਤੋਂ ਬਾਅਦ ਕਿਸੇ ਦਾ ਕੋਈ ਤਾਲਮੇਲ ਨਹੀਂ। ਉਨ੍ਹਾਂ ਨੇ ਆਪਣੇ ਅਸਤੀਫ਼ੇ ਦੀ ਜਾਣਕਾਰੀ ਵੀ ਟਵਿੱਟਰ ‘ਤੇ ਹੀ ਦਿੱਤੀ ਸੀ।
ਕੈਪਟਨ ਖਿਲਾਫ ਕੇਸ ਦੀਆਂ ਫਾਈਲਾਂ ਗਾਇਬ! ਅਫਸਰ ਕਰ ਰਹੇ ਸਿੱਧੂ ਨਾਲ ਰਾਬਤਾ
ਏਬੀਪੀ ਸਾਂਝਾ
Updated at:
19 Jul 2019 04:30 PM (IST)
ਕਾਂਗਰਸੀ ਲੀਡਰ ਨਵਜੋਤ ਸਿੱਧੂ ਤੋਂ ਵਾਪਸ ਲਏ ਸਥਾਨਕ ਸਰਕਾਰਾਂ ਵਿਭਾਗ ਵਿੱਚ ਨਵਾਂ ਪੁਆੜਾ ਪੈ ਗਿਆ ਹੈ। ਸੂਤਰਾਂ ਮੁਤਾਬਕ ਵਿਭਾਗ 'ਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਬੰਧਤ ਕੁਝ ਫਾਈਲਾਂ ਗੁੰਮ ਹੋ ਗਈਆਂ ਹਨ। ਇਨ੍ਹਾਂ ਵਿੱਚ ਇੱਕ ਫਾਈਲ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਨਾਲ ਸਬੰਧਤ ਹੈ। ਇਸ ਕੇਸ ਵਿੱਚ ਕੈਪਟਨ ਦਾ ਵੀ ਨਾਂ ਬੋਲਦਾ ਹੈ।
- - - - - - - - - Advertisement - - - - - - - - -