ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ-ਕੋਟਕਪੂਰਾ ਗੋਲ਼ੀਕਾਂਡ ਦੇ ਮੁੱਦੇ 'ਤੇ ਕੈਪਟਨ ਸਰਕਾਰ ਪ੍ਰਤੀ ਹਮਲਾਵਰ ਰੁਖ਼ ਅਖ਼ਤਿਆਰ ਕਰ ਲਿਆ ਹੈ। 'ਆਪ' ਨੇ ਕੈਪਟਨ ਸਰਕਾਰ ਤੋਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਸ ਤੋਂ ਪਹਿਲਾਂ 'ਆਪ'  ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਵੀ ਬਾਦਲਾਂ ਤੇ ਸੁਮੇਧ ਸੈਣੀ ਦੇ ਪਾਸਪੋਰਟ ਜ਼ਬਤ ਕਰਨ ਦੀ ਮੰਗ ਕਰ ਚੁੱਕੇ ਹਨ।


'ਆਪ' ਦੇ ਵਿਧਾਇਕਾਂ ਨੇ ਕੈਪਟਨ ਸਰਕਾਰ ਤੋਂ ਸਾਂਝੇ ਤੌਰ 'ਤੇ ਮੰਗ ਕੀਤੀ ਹੈ ਕਿ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਮਗਰੋਂ ਹੁਣ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਤਤਕਾਲੀ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਤਤਕਾਲੀ ਡੀਜੀਪੀ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮਨਜੀਤ ਸਿੰਘ ਬਿਲਾਸਪੁਰ, ਅਮਰਜੀਤ ਸਿੰਘ ਸੰਦੋਆ, ਜੈ ਕਿਸ਼ਨ ਸਿੰਘ ਰੋੜੀ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਰਕਾਰ ਬਾਦਲਾਂ ਅਤੇ ਸੁਮੇਧ ਸੈਣੀ ਸਮੇਤ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਦੀ ਹੈ ਤਾਂ ਵਿਰੋਧੀ ਧਿਰ ਉਨ੍ਹਾਂ ਦਾ ਪੂਰਾ ਸਾਥ ਦੇਵੇਗੀ।

ਵਿਧਾਇਕਾਂ ਨੇ ਕਿਹਾ ਕਿ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਉਪਰੰਤ ਕੈਪਟਨ ਸਰਕਾਰ ਅਤੇ ਵਿਸ਼ੇਸ਼ ਜਾਂਚ ਟੀਮ ਲਈ ਹੁਣ ਬੇਅਦਬੀਆਂ ਤੇ ਗੋਲ਼ੀਕਾਂਡ ਦੇ ਅਸਲੀ ਸਾਜ਼ਿਸ਼ਘਾੜਿਆਂ ਤੇ ਦੋਸ਼ੀਆਂ ਤਕ ਪਹੁੰਚਣਾ ਮੁਸ਼ਕਲ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਐਸਆਈਟੀ ਦੀ ਅਗਲੀ ਕਾਰਵਾਈ ਕੈਪਟਨ ਅਮਰਿੰਦਰ ਸਿੰਘ 'ਤੇ ਬਾਦਲਾਂ ਨਾਲ ਮਿਲੇ ਹੋਣ ਵਾਲੇ ਲੱਗਣ ਵਾਲੇ ਦੋਸ਼ਾਂ ਨੂੰ ਸੱਚਾ ਜਾਂ ਝੂਠਾ ਸਾਬਤ ਕਰ ਦੇਵੇਗੀ।