ਅੰਮ੍ਰਿਤਸਰ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਵੱਲੋਂ ਇੰਦਰਬੀਰ ਸਿੰਘ ਬੁਲਾਰੀਆ ਨਾਲ ਕੀਤਾ ਵਾਅਦਾ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਅੱਜ ਨਵਜੋਤ ਸਿੱਧੂ ਨੇ ਛੇ ਮਹੀਨਿਆਂ ਵਿੱਚ ਭਗਤਾਂ ਵਾਲਾ ਡੰਪ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਇਸ ਲਈ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਬਕਾਇਦਾ ਤਿੰਨ ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਸ ਨਾਲ ਵੱਸੋਂ ਵਾਲੇ ਇਲਾਕੇ ਵਿੱਚੋਂ ਸਾਰੇ ਕੂੜੇ ਨੂੰ ਹਟਾ ਕੇ ਸਰਕਾਰ ਵੱਲੋਂ ਮਨਜ਼ੂਰੀ ਲੈ ਕੇ ਕਿਸੇ ਹੋਰ ਜਗ੍ਹਾ ਡੰਪ ਕੀਤਾ ਜਾਵੇਗਾ।
ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਭਗਤਾਂ ਵਾਲੇ ਡੰਪ ਵਾਲੀ ਜਗ੍ਹਾ 'ਤੇ ਸ਼ਾਨਦਾਰ ਪਾਰਕ ਬਣਾਇਆ ਜਾਵੇਗਾ। ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਬੁਲਾਰੀਆ ਸਾਹਮਣੇ ਇਹ ਬਹੁਤ ਵੱਡਾ ਮੁੱਦਾ ਸੀ।
ਹੁਣ ਨਵਜੋਤ ਸਿੱਧੂ ਨੇ ਆਪਣੇ ਸ਼ਹਿਰ ਦੇ ਵਿਧਾਇਕ ਦਾ ਲੰਬੇ ਸਮੇਂ ਤੋਂ ਲਟਕ ਰਿਹਾ ਮਸਲਾ ਹੱਲ ਕਰਵਾਉਣ ਦਾ ਬੀੜਾ ਚੁੱਕ ਲਿਆ ਹੈ। ਸਿੱਧੂ ਨੇ ਕਿਹਾ ਕਿ ਭਾਵੇਂ ਬੁਲਾਰੀਆ ਅੱਜ ਇੱਥੇ ਮੌਜੂਦ ਨਹੀਂ ਪਰ ਇਹ ਉਨ੍ਹਾਂ ਦੀ ਬਹੁਤ ਵੱਡੀ ਮੰਗ ਸੀ। ਸਿੱਧੂ ਨੇ ਅੱਜ ਬੀਆਰਟੀਐਸ ਪ੍ਰਾਜੈਕਟ ਦਾ ਉਦਘਾਟਨ ਕਰਨ ਤੋਂ ਬਾਅਦ ਭਗਤਾਂ ਵਾਲੇ ਡੰਪ ਦਾ ਵੀ ਦੌਰਾ ਕੀਤਾ।
ਦਰਅਸਲ ਸਾਬਕਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਕਾਂਗਰਸ ਸਿਰਫ ਇਸ ਕਰਕੇ ਜੁਆਇਨ ਕੀਤੀ ਸੀ ਕਿਉਂਕਿ ਉਹ ਭਗਤਾਂ ਵਾਲੇ ਡੰਪ ਦਾ ਮੁੱਦਾ ਅਕਾਲੀ ਦਲ ਵੱਲੋਂ ਹੱਲ ਨਾ ਕੀਤੇ ਜਾਣ ਤੋਂ ਕਾਫ਼ੀ ਖ਼ਫ਼ਾ ਸਨ। ਉਨ੍ਹਾਂ ਨੇ ਅਕਾਲੀ ਦਲ ਦਾ ਪੱਲਾ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ ਸੀ।
ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਭਗਤਾਂ ਵਾਲਾ ਡੰਪ ਨੂੰ ਸ਼ਹਿਰ ਵਿੱਚੋਂ ਹਟਾ ਦਿੱਤਾ ਜਾਵੇਗਾ। ਪਿਛਲੇ ਦੋ ਸਾਲਾਂ ਵਿੱਚ ਕਾਂਗਰਸ ਸਰਕਾਰ ਵੱਲੋਂ ਭਗਤਾਂਵਾਲਾ ਡੰਪ ਦੇ ਮੁੱਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਕਾਰਨ ਇੰਦਰਬੀਰ ਸਿੰਘ ਬੁਲਾਰੀਆਂ ਦੀਆਂ ਚਿੰਤਾਵਾਂ ਪਿਛਲੇ ਸਮੇਂ ਵਿੱਚ ਵਧਦੀਆਂ ਦਿਖਾਈ ਦਿੱਤੀਆਂ।