ਮੋਗਾ: ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਨੌਜਵਾਨ ਨੂੰ ਸਮਾਰਟਫ਼ੋਨ ਦੇਣ ਵਾਅਦੇ ਨੂੰ ਹਾਲੇ ਤਕ ਪੂਰਾ ਕਰਨ 'ਤੇ ਆਮ ਆਦਮੀ ਪਾਰਟੀ ਨੇ ਵਿਅੰਗ ਕੀਤਾ ਹੈ। ਪਾਰਟੀ ਦੇ ਮੋਗਾ ਤੋਂ ਹਲਕਾ ਇੰਚਾਰਜ ਨਵਦੀਪ ਸੰਘਾ ਨੇ ਦੀਵਾਲੀ ਮੌਕੇ ਨੌਜਵਾਨਾਂ ਨੂੰ ਖਿਡੌਣਾ ਸਮਾਰਟਫ਼ੋਨ ਵੰਡੇ ਗਏ।
ਸੰਘਾ ਨੇ ਦੱਸਿਆ ਕਿ ਕੈਪਟਨ ਆਪਣੇ ਵਿਦੇਸ਼ੀ ਦੌਰਿਆਂ ਅਤੇ ਅਰੂਸਾ ਨਾਲ ਬਹੁਤ ਜ਼ਿਆਦਾ ਮਸ਼ਰੂਫ ਰਹਿੰਦੇ ਹਨ ਇਸ ਕਰ ਕੇ ਉਨ੍ਹਾਂ ਨੂੰ ਪੰਜਾਬੀਆਂ ਨਾਲ ਕੀਤੇ ਵਾਅਦੇ ਯਾਦ ਦਿਵਾਉਣ ਲਈ ਅੱਜ ਬਾਜ਼ਾਰ ਵਿੱਚ ਗੁਜ਼ਰ ਰਹੇ ਹਰ ਨੌਜਵਾਨਾਂ ਨੂੰ ਡਮੀ ਸਮਾਰਟਫੋ਼ਨ ਦਿੱਤੇ ਹਨ।
ਉਨ੍ਹਾਂ ਕਾਂਗਰਸ ਸਰਕਾਰ ਵਿਰੁੱਧ ਭੜਾਸ ਕੱਢਦਿਆਂ ਕਿਹਾ ਕਿ ਕੈਪਟਨ ਵੱਲੋਂ ਦੋ ਸਾਲਾਂ ਦੌਰਾਨ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਾਰਨ ਅਧਿਆਪਕ, ਕਿਸਾਨ ਅਤੇ ਬੇਰੋਜ਼ਗਾਰ ਨੌਜਵਾਨ ਆਪਣੇ ਘਰਾਂ ਵਿੱਚ ਕਾਲੀ ਦੀਵਾਲੀ ਮਨਾਉਣ ਲਈ ਮਜ਼ਬੂਰ ਹਨ। ਸੰਘਾ ਨੇ ਕਿਹਾ ਕੇ ਉਹ ਸਮੇਂ ਸਮੇਂ 'ਤੇ ਅਜਿਹੇ ਵਿਅੰਗਾਂ ਰਾਹੀਂ ਕੈਪਟਨ ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਵਾਉਂਦੇ ਰਹਿਣਗੇ।