ਕਸ਼ਮੀਰੀ ਚੰਡੀਗੜ੍ਹ: ਜਲੰਧਰ ਦੇ ਮਕਸੂਦਾਂ ਥਾਣੇ 'ਚ ਧਮਾਕੇ ਕਰਨ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਦੋਵੇਂ ਵਿਦਿਆਰਥੀਆਂ ਬਾਰੇ ਕਈ ਗੱਲਾਂ ਸਾਹਮਣੇ ਆ ਰਹੀਆਂ ਹਨ। ਦੋਵੇਂ ਚਾਰ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਹਨ। ਪੁੱਛਗਿਛ ਤੋਂ ਬਾਅਦ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜ਼ਾਕਿਰ ਮੂਸਾ ਦੇ ਅੱਤਵਾਦੀ ਸੰਗਠਨ ਅੰਸਾਰ ਗਜ਼ਵਤ ਉਲ ਹਿੰਦ ਦੇ ਨਾਲ ਜੁੜੇ ਕਸ਼ਮੀਰੀ ਵਿਦਿਆਰਥੀ ਸ਼ਾਹਿਦ ਤੇ ਬਸ਼ੀਰ ਨੇ ਹੀ ਜਲੰਧਰ ਦੇ ਪੁਲਿਸ ਥਾਣੇ 'ਚ ਧਮਾਕੇ ਕੀਤੇ ਸਨ। ਇਨ੍ਹਾਂ ਦੇ ਦੋ ਹੋਰ ਕਸ਼ਮੀਰੀ ਸਾਥੀ ਅਜੇ ਫਰਾਰ ਹਨ।


ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਹੀ ਇੱਕ ਸਾਥੀ ਪੰਜਾਬ ਵਿੱਚ ਬੰਬ ਲੈ ਕੇ ਆਇਆ ਸੀ। ਉਸ ਦੀ ਪਛਾਣ ਨਾ ਹੋਣ ਕਰਕੇ ਪੁਲਿਸ ਨੇ ਉਸ ਬਾਰੇ ਨਹੀਂ ਦੱਸਿਆ। ਜਦੋਂ ਉਸ ਦੀ ਪਛਾਣ ਹੋ ਜਾਵੇਗੀ ਤਾਂ ਉਸ ਬਾਰੇ ਵੀ ਖੁਲਾਸਾ ਕੀਤਾ ਜਾਵੇਗਾ। ਬੀਤੇ ਦਿਨ ਪੁਲਿਸ ਨੇ ਖੁਲਾਸਾ ਕੀਤਾ ਕਿ ਇਹ ਦੋਵੇਂ ਮੁਲਜ਼ਮ ਇੱਕ ਸਾਲ ਤੋਂ ਜਲੰਧਰ ਵਿੱਚ ਹੀ ਰਹਿ ਰਹੇ ਸਨ, ਪਰ ਕਦੇ ਕਾਲਜ ਨਹੀਂ ਗਏ। ਇਸ ਸਾਲ ਦੇ ਦੋਵੇਂ ਸਮੈਟਰ 'ਚ ਇਨ੍ਹਾਂ ਪੜ੍ਹਾਈ ਨਹੀਂ ਕੀਤੀ। ਕਾਲਜ ਨੇ ਇਸ ਸਬੰਧੀ ਉਨ੍ਹਾਂ ਦੇ ਮਾਪਿਆਂ ਨੂੰ ਫੋਨ ਵੀ ਕੀਤੇ ਸਨ।

ਦੋਵੇਂ ਕਸ਼ਮੀਰੀ ਵਿਦਿਆਰਥੀ ਪਿਛਲੇ ਛੇ ਮਹੀਨੇ ਤੋਂ ਜਲੰਧਰ ਦੇ ਗੁਰੂ ਅਮਰਦਾਸ ਨਗਰ 'ਚ ਪੀਜੀ 'ਚ ਰਹਿੰਦੇ ਸਨ। ਇਸ ਪੀਜੀ ਦੀ ਮਾਲਕਿਨ ਨੇ ਕੈਮਰੇ 'ਤੇ ਤਾਂ ਕੁਝ ਨਹੀਂ ਕਿਹਾ ਪਰ ਦੱਸਿਆ ਕਿ ਦੋਵੇਂ ਬੜੇ ਮਿਲਣਸਾਰ ਸਨ। ਹੋਰ ਵਿਦਿਆਰਥੀਆਂ ਨਾਲ ਘੁਲ-ਮਿਲ ਕੇ ਰਹਿੰਦੇ ਸਨ। ਉਨ੍ਹਾਂ ਪੁਲਿਸ ਵੱਲੋਂ ਮੁੰਡਿਆ ’ਤੇ ਲਾਏ ਇਲਜ਼ਾਮਾਂ ’ਤੇ ਯਕੀਨ ਕਰਨ ਤੋਂ ਇਨਕਾਰ ਕੀਤਾ।

ਮੁਲਜ਼ਮ ਵਿਦਿਆਰਥੀਆਂ ਦੇ ਕਾਲਜ ਦੇ ਐਮਡੀ ਮਨੋਹਰ ਅਰੋੜਾ ਨੇ ਕਿਹਾ ਕਿ ਦੋਵੇਂ ਪੜ੍ਹਨ ਵਿੱਚ ਠੀਕ ਸਨ। ਜਦੋਂ ਉਨ੍ਹਾਂ ਕਾਲਜ ਆਉਣਾ ਛੱਡ ਦਿੱਤਾ ਸੀ ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਇਤਲਾਹ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਇਸ ਹਰਕਤ ਨਾਲ ਹੋਰ ਵਿਦਿਆਰਥੀਆਂ ਦੇ ਭਵਿੱਖ 'ਤੇ ਵੀ ਅਸਰ ਹੋਵੇਗਾ ਕਿਉਂਕਿ ਕਸ਼ਮੀਰੀ ਵਿਦਿਆਰਥੀਆਂ ਲਈ ਜਲੰਧਰ ਐਜੂਕੇਸ਼ਨਲ ਹੱਬ ਬਣ ਚੁੱਕਿਆ ਹੈ।