ਪਟਿਆਲਾ:ਖਾਲਿਸਤਾਨ ਗਦਰ ਫੋਰਸ ਦੇ ਕਥਿਤ ਅੱਤਵਾਦੀ ਤੇ ਮੁੱਖ ਸਰਗਨਾ ਸ਼ਬਨਮਦੀਪ ਸਿੰਘ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਡਿਊਟੀ ਮੈਜਿਸਟਰੇਟ ਨਿਧੀ ਸੈਣੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਅਦਾਲਤ ਕੋਲੋਂ ਮੁਲਜ਼ਮ ਸ਼ਬਨਮਦੀਪ ਦੀ ਰਿਮਾਂਡ ਵਿੱਚ 10 ਦਿਨਾਂ ਦਾ ਵਾਧਾ ਕਰਨ ਦੀ ਮੰਗ ਕੀਤੀ। ਅਦਾਲਤ ਨੇ 10 ਨਵੰਬਰ ਤਕ ਮੁਲਜ਼ਮ ਦਾ ਪੁਲਿਸ ਰਿਮਾਂਡ ਵਧਾ ਦਿੱਤਾ ਹੈ।

ਲੈਟਰਪੈਡ ਤਿਆਰ ਕਰਵਾਉਣ ਤੇ ਲੋਗੋ ਬਣਾਉਣ ਦੇ ਮਾਮਲੇ ਵਿੱਚ ਅਦਾਲਤ ਨੇ ਕਥਿਤ ਅੱਤਵਾਦੀ ਸ਼ਬਨਮਦੀਪ ਦੇ ਦੋ ਸਾਥੀਆਂ ਗੁਰਸੇਵਕ ਸਿੰਘ ਉਰਫ ਸੇਵਕ ਵਾਸੀ ਰਤਨਗੜ੍ਹ ਸਿੰਧੜੀ, ਦਿੜਬਾ (ਸੰਗਰੂਰ) ਤੇ ਵਿਨੋਦ ਕੁਮਾਰ ਵਾਸੀ ਵਾਰਡ ਨੰਬਰ 4 ਅੰਬਾ ਗੁਹਲਾ (ਕੈਥਲ) ਨੂੰ ਕ੍ਰਮਵਾਰ 10 ਨਵੰਬਰ ਤੇ 8 ਨਵੰਬਰ ਤਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ- ISI ਸੋਸ਼ਲ ਮੀਡੀਆ ਜ਼ਰੀਏ ਸਿੱਖ ਨੌਜਵਾਨਾਂ ਨੂੰ ਬਣਾ ਰਹੀ ਸ਼ਿਕਾਰ

ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਦੇ ਸਾਥੀ ਗੁਰਸੇਵਕ ਸਿੰਘ ਕੋਲੋਂ ਉਸਦੇ ਸਾਹਮਣੇ ਪੁੱਛਗਿੱਛ ਕਰਨੀ ਹੈ। ਪੁਲਿਸ ਦੀ ਮੰਗ ਉੱਤੇ ਅਦਾਲਤ ਨੇ ਸ਼ਬਨਮਦੀਪ ਦਾ ਪੁਲਿਸ ਰਿਮਾਂਡ ਵਧਾ ਦਿੱਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜ਼ਿਲ੍ਹਾ ਪਟਿਆਲਾ ਵਿੱਚੋਂ ਕਾਬੂ ਕੀਤੇ ਸ਼ਖ਼ਸ ਸ਼ਬਨਮਦੀਪ ਸਿੰਘ ਕੋਲੋਂ ਵਿਭਾਗ ਨੂੰ ਅਹਿਮ ਜਾਣਕਾਰੀ ਹਾਸਲ ਹੋਈ ਹੈ। ਖੁਫੀਆ ਏਜੰਸੀਆਂ ਕੋਲੋਂ ਵਿਭਾਗ ਨੂੰ ਪਤਾ ਲੱਗਾ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ISI ਤਿਉਹਾਰੀ ਸੀਜ਼ਨ ਦੌਰਾਨ ਪੰਜਾਬ ’ਚ ਵੱਡੀ ਅੱਤਵਾਦੀ ਘਟਨਾ ਨੂੰ ਅੰਜਾਮ ਦੇ ਸਕਦੀ ਹੈ।