ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਗੱਠਜੋੜ ਲਈ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੂੰ ਬਠਿੰਡਾ ਸੀਟ ਦੀ ਪੇਸ਼ਕਸ਼ ਕੀਤੀ ਹੈ। ਇਸ ਮਗਰੋਂ ਟਕਸਾਲੀਆਂ ਅੰਦਰ ਵੀ ਇੱਕ ਧੜਾ ਆਨੰਦਪੁਰ ਸੀਟ ਛੱਡਣ ਦੀ ਵਿਚਾਰ ਕਰ ਰਿਹਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਅਜੇ ਇਸ ਦੇ ਹੱਕ ਵਿੱਚ ਨਹੀਂ। ਇਸ ਲਈ ਸਥਿਤੀ ਹੋਰ ਪੇਚੀਦਾ ਬਣ ਗਈ ਹੈ।
ਸੂਤਰਾਂ ਮੁਤਾਬਕ ਕੁਝ ਟਕਸਾਲੀ ਲੀਡਰਾਂ ਦਾ ਕਹਿਣਾ ਹੈ ਕਿ ਬਠਿੰਡਾ ਹਲਕੇ ਵਿੱਚ ਆਮ ਆਦਮੀ ਪਾਰਟੀ ਦਾ ਚੰਗਾ ਆਧਾਰ ਹੈ। ਬਠਿੰਡਾ ਵਿੱਚ ਆਮ ਆਦਮੀ ਪਾਰਟੀ ਦੇ ਪੰਜ ਵਿਧਾਇਕ ਹਨ। ਪ੍ਰਿੰਸੀਪਲ ਬੁੱਧ ਰਾਮ, ਪ੍ਰੋ. ਬਲਜਿੰਦਰ ਕੌਰ ਤੇ ਰੁਪਿੰਦਰ ਕੌਰ ਰੂਬੀ ਪਾਰਟੀ ਨਾਲ ਹੀ ਹਨ। ਇਨ੍ਹਾਂ ਵਿੱਚੋਂ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਜਗਦੇਵ ਸਿੰਘ ਕਮਾਲੂ ਬਾਗੀ ਚੱਲ ਰਹੇ ਹਨ। ਵਿਧਾਨ ਸਭਾ ਹਲਕਾ ਭੁੱਚੋ ਵਿੱਚੋਂ ਵੀ ‘ਆਪ’ ਦੇ ਉਮੀਦਵਾਰ ਮਾਸਟਰ ਜਗਸੀਰ ਸਿੰਘ ਥੋੜ੍ਹੀਆਂ ਵੋਟਾਂ ਨਾਲ ਹੀ ਹਾਰੇ ਸਨ। ਇਸ ਤਰ੍ਹਾਂ ਬਠਿੰਡਾ ਵਿੱਚ 'ਆਪ' ਦੀ ਚੰਗੀ ਪਕੜ ਹੈ। ਇਸ ਦਾ ਲਾਹਾ ਗੱਠਜੋੜ ਦੇ ਉਮੀਦਵਾਰ ਨੂੰ ਹੋ ਸਕਦਾ ਹੈ।
ਇਸ ਤੋਂ ਇਲਾਵਾ ਬਠਿੰਡਾ ਹਲਕੇ ਤੋਂ ਸੰਸਦ ਮੈਂਬਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰ ਹਰਸਿਮਰਤ ਬਾਦਲ ਹਨ। ਬੇਅਦਬੀ ਤੇ ਗੋਲੀ ਕਾਂਡ ਨੂੰ ਲੈ ਕੇ ਬਾਦਲ ਪਰਿਵਾਰ ਖਿਲਾਫ ਸਿੱਖਾਂ ਅੰਦਰ ਰੋਸ ਹੈ। ਇਹ ਵੋਟ ਵੀ ਟਕਸਾਲੀਆਂ ਦੇ ਹੱਕ ਵਿੱਚ ਭੁਗਤ ਸਕਦੀ ਹੈ। ਇਸ ਲਈ ਕੁਝ ਲੀਡਰ ਆਮ ਆਦਮੀ ਪਾਰਟੀ ਦੀ ਪੇਸ਼ਕਸ਼ ਮੰਨਣ ਲਈ ਦਬਾਅ ਬਣਾ ਰਹੇ ਹਨ। ਉਹ ‘ਆਪ’ ਨਾਲ ਗੱਠਜੋੜ ਕਾਇਮ ਕਰਨ ਲਈ ਬੀਰਦਵਿੰਦਰ ਸਿੰਘ ਨੂੰ ਬਠਿੰਡਾ ਤੋਂ ਚੋਣ ਲੜਾਉਣ ਦੀ ਕਹਿ ਰਹੇ ਹਨ।
ਸੂਤਰਾਂ ਮੁਤਾਬਕ ਰਣਜੀਤ ਸਿੰਘ ਬ੍ਰਹਮਪੁਰਾ ਇਸ ਲਈ ਤਿਆਰ ਨਹੀਂ। ਉਹ ਬੀਰਦਵਿੰਦਰ ਸਿੰਘ ਨੂੰ ਦਿੱਤੀ ਜ਼ੁਬਾਨ ਅਨੁਸਾਰ ਆਨੰਦਪੁਰ ਸਾਹਿਬ ਤੋਂ ਹੀ ਚੋਣ ਲੜਾਉਣ ਦੇ ਸਟੈਂਡ ਉਪਰ ਕਾਇਮ ਹਨ। ਦੂਜੇ ਪਾਸੇ ‘ਆਪ’ ਲੰਮਾਂ ਸਮਾਂ ਪਹਿਲਾਂ ਹੀ ਆਨੰਦਪੁਰ ਸਾਹਿਬ ਤੋਂ ਨਰਿੰਦਰ ਸ਼ੇਰਗਿੱਲ ਨੂੰ ਆਪਣਾ ਉਮੀਦਵਾਰ ਐਲਾਨ ਚੁੱਕੀ ਹੈ। ਉਹ ਵੀ ਲੰਮੀ ਚੋਣ ਮੁਹਿੰਮ ਚਲਾ ਚੁੱਕੇ ਹਨ। ਇਸ ਕਾਰਨ ਪਾਰਟੀ ਉਨ੍ਹਾਂ ਕੋਲੋਂ ਟਿਕਟ ਵਾਪਸ ਲੈਣ ਤੋਂ ਝਿਜਕ ਰਹੀ ਹੈ।