ਚੰਡੀਗੜ੍ਹ: ਪੰਜਾਬ ਵਿੱਚ ਖਾੜਕੂਵਾਦ ਦੇ ਦੌਰ ਦੌਰਾਨ ਪੁਲਿਸ ਵਧੀਕੀਆਂ ਉਜਾਗਰ ਕਰਨ ਮਗਰੋਂ ਗ਼ਾਇਬ ਹੋ ਗਏ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਖਡੂਰ ਸਾਹਿਬ ਸੀਟ ਤੋਂ ਪੰਜਾਬੀ ਏਕਤਾ ਪਾਰਟੀ ਦੀ ਉਮੀਦਵਾਰ ਹੋਵੇਗੀ। ਆਪਣੇ ਪਤੀ ਦੇ ਅਚਾਨਕ ਗ਼ਾਇਬ ਹੋਣ ਦੇ ਮਾਮਲੇ 'ਚ ਇਨਸਾਫ ਲਈ 20 ਸਾਲ ਲੰਮਾ ਸਮਾਂ ਇੰਤਜ਼ਾਰ ਕਰਨ ਵਾਲੀ ਬੀਬੀ ਖਾਲੜਾ ਹੁਣ ਸਿਆਸਤ ਦੀ ਲੜਾਈ ਵੀ ਲੜੇਗੀ। ਇਸ ਸੀਟ ਤੋਂ ਉਨ੍ਹਾਂ ਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਜਗੀਰ ਕੌਰ ਹੋਣਗੇ। ਜਦਕਿ ਕਾਂਗਰਸ ਨੇ ਹਾਲ ਦੀ ਘੜੀ ਇੱਥੋਂ ਆਪਣਾ ਕੋਈ ਉਮੀਦਵਾਰ ਨਹੀਂ ਉਤਾਰਿਆ। ਟਕਸਾਲੀ ਅਕਾਲੀ ਦਲ ਨੇ ਸਾਬਕਾ ਫ਼ੌਜ ਮੁਖੀ ਜਨਰਲ (ਸੇਵਾਮੁਕਤ) ਜੇ.ਜੇ. ਸਿੰਘ ਖੜ੍ਹੇ ਹਨ।

ਇਹ ਪਹਿਲੀ ਵਾਰ ਨਹੀਂ ਜਦ ਪਰਮਜੀਤ ਕੌਰ ਖਾਲੜਾ ਲੋਕ ਸਭਾ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਉਹ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਵਾਲੇ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਵੀ ਤਰਨ ਤਾਰਨ ਤੋਂ ਚੋਣ ਲੜ ਚੁੱਕੇ ਹਨ। ਉਦੋਂ ਉਹ ਅਸਫਲ ਰਹੇ ਸਨ, ਪਰ ਉਨ੍ਹਾਂ ਕੋਲ ਲੋਕ ਸਭਾ ਦਾ ਤਜ਼ਰਬਾ ਹਾਸਲ ਹੈ। ਉਨ੍ਹਾਂ ਦੀ ਸਿੱਧੀ ਟੱਕਰ ਅਕਾਲੀ ਆਗੂ ਜਗੀਰ ਕੌਰ ਨਾਲ ਹੈ, ਜੋ ਵਿਧਾਇਕ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ, ਪਰ ਲੋਕ ਸਭਾ ਚੋਣਾਂ ਦਾ ਉਨ੍ਹਾਂ ਨੂੰ ਵੀ ਕੋਈ ਤਜ਼ਰਬਾ ਨਹੀਂ ਹੈ।

ਹੁਣ, ਬੀਬੀ ਖਾਲੜਾ ਨੇ ਸੁਖਬਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਤੋਂ ਖਡੂਰ ਸਾਹਿਬ ਤੋਂ ਟਿਕਟ ਹਾਸਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਉਹ ਲੋਕਾਂ ਨੂੰ ਸਮਝਾ ਸਕਣਗੇ ਕਿ ਇਨਸਾਫ ਨਾ ਮਿਲਣ ਦੇ ਕੀ ਦਰਦ ਹਨ।

ਕੁਝ ਜਸਵੰਤ ਸਿੰਘ ਖਾਲੜਾ ਬਾਰੇ-

ਪੇਸ਼ੇ ਵਜੋਂ ਬੈਂਕਰ ਤੇ ਸ਼ੌਕੀਆ ਪੱਤਰਕਾਰ ਜਸਵੰਤ ਸਿੰਘ ਖਾਲੜਾ ਨੇ ਤਤਕਾਲੀ ਪੁਲਿਸ ਮੁਖੀ ਕੇਪੀਐਸ ਗਿੱਲ ਦੇ ਸਖ਼ਤ ਵਿਰੋਧੀ ਸਨ ਤੇ 1990ਵਿਆਂ ਦੇ ਦੌਰ ਵਿੱਚ ਉਨ੍ਹਾਂ ਹੱਧ ਪੁਲਿਸ ਵੱਲੋਂ ਝੂਠੇ ਮੁਕਾਬਲੇ ਵਿੱਚ ਮਾਰੇ ਨੌਜਵਾਨਾਂ ਦੇ ਕੁਝ ਸਬੂਤ ਹੱਥ ਲੱਗੇ। ਉਨ੍ਹਾਂ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਪਰਦਾਫਾਸ਼ ਕਰਦਿਆਂ ਸਾਹਮਣੇ ਲਿਆਂਦਾ ਸੀ ਕਿ ਪੁਲਿਸ ਨੇ 10 ਸਾਲਾਂ ਦੇ ਅੰਦਰ ਇਕੱਲੇ ਤਰਨਤਾਰਨ ਵਿੱਚ ਹੀ 2,000 ਅਣਪਛਾਤੀਆਂ ਲਾਸ਼ਾਂ ਦਾ ਸਸਕਾਰ ਕਰ ਦਿੱਤਾ ਸੀ।

ਪਰਮਜੀਤ ਕੌਰ ਖਾਲੜਾ ਦੱਸਦੇ ਹਨ ਕਿ ਸੰਨ ਛੇ ਸਤੰਬਰ 1995 ਨੂੰ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਪਤੀ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰੋਂ ਚੁੱਕ ਕੇ 27 ਅਕਤੂਬਰ ਨੂੰ ਕਤਲ ਕਰ ਦਿੱਤਾ ਸੀ। ਉਨ੍ਹਾਂ ਦੀ ਲਾਸ਼ ਨੂੰ ਹਰੀਕੇ ਵਿਖੇ ਖੁਰਦ-ਬੁਰਦ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਸਾਲ 2005 ਵਿੱਚ ਛੇ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਪਾਇਆ ਗਿਆ ਸੀ ਤੇ ਸਾਲ 2011 ਵਿੱਚ ਸੁਪਰੀਮ ਕੋਰਟ ਨੇ ਵੀ ਇਸੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ।