ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਅੱਜ ਆਪਣੀਆਂ 'ਤੋਪਾਂ' ਦਾ ਮੂੰਹ ਕਾਂਗਰਸ ਵੱਲ ਮੋੜ ਲਿਆ। 'ਆਪ' ਨੇ ਕਾਂਗਰਸ 'ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਾਏ ਹਨ। ਆਮ ਆਦਮੀ ਪਾਰਟੀ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ 'ਤੇ ਤਾਬੜਤੋੜ ਹਮਲੇ ਕੀਤੇ। 'ਆਪ' ਹੁਣ ਤੱਕ ਸੱਤਾਧਿਰ ਅਕਾਲੀ ਦਲ ਖਿਲਾਫ ਹੀ ਡਟੀ ਹੋਈ ਸੀ। ਹੁਣ 'ਆਪ' ਨੇ ਕਾਂਗਰਸ 'ਤੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਹਨ।

'ਆਪ' ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਾਂਗਰਸ ਕਿਸਾਨਾਂ ਤੋਂ ਕਰਜ਼ਾ ਮੁਕਤੀ ਦੇ ਫਾਰਮ ਭਰਵਾ ਕੇ ਉਨ੍ਹਾਂ ਨੂੰ ਗੁੰਮਰਾਹ ਕਰ ਰਹੀ ਹੈ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਕਾਂਗਰਸ ਕਰਜ਼ਾ ਮੁਆਫੀ ਵਿੱਚ ਕਿਸਾਨਾਂ ਨੂੰ ਸਮਰਥਨ ਦੇਣ ਦੀ ਗੱਲ ਕਰ ਰਹੀ ਹੈ ਪਰ ਅਸੀਂ ਕਿਸਾਨਾਂ ਦੇ ਕਰਜ਼ਾ ਮੁਆਫ ਕਰਨ ਦੀ ਸਿੱਧੀ ਗੱਲ ਕਰ ਰਹੇ ਹਾਂ।

'ਆਪ' ਕਨਵੀਨਰ ਨੇ ਕਿਹਾ 29 ਅਕਤੂਬਰ ਤੋਂ ਲੈ ਕੇ 7 ਨਵੰਬਰ ਤੱਕ 'ਆਪ' ਦੀ ਲੀਡਰਸ਼ਿਪ ਮੰਡੀਆਂ ਵਿੱਚ ਜਾ ਕੇ ਕਿਸਾਨਾਂ ਨੂੰ ਮਿਲੇਗੀ ਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰੇਗੀ। 'ਆਪ' ਨੇ ਦਾਅਵਾ ਕੀਤਾ ਕਿ ਕਾਂਗਰਸ ਸਾਡੇ ਫਾਰਮ ਨੂੰ ਕਾਪੀ ਕਰ ਰਹੀ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਪੈਨਸ਼ਨ ਸਕੀਮ ਵੀ ਲਾਗੂ ਕਰਨ ਦਾ ਦਾਅਵਾ ਕੀਤਾ।

ਇਸ ਮੌਕੇ ਸੰਜੇ ਸਿੰਘ ਨੇ ਕਿਹਾ ਕਿ ਸਾਡੀ ਨਵਜੋਤ ਸਿੰਘ ਨਾਲ ਗੱਲਬਾਤ ਚੱਲ ਰਹੀ ਹੈ। ਜਦੋਂ ਡੀਲ ਫਾਈਨਲ ਹੋ ਜਾਵੇਗੀ ਤੁਹਾਨੂੰ ਦੱਸ ਦਿੱਤਾ ਜਾਵੇਗਾ।