ਅੰਮ੍ਰਿਤਸਰ: "ਜੇਕਰ ਨਵਜੋਤ ਸਿੰਘ ਸਿੱਧੂ ਆਤਮਘਾਤੀ ਬੰਬ ਹਨ ਤਾਂ ਉਹ ਸਭ ਤੋਂ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਜੱਫੀ ਪਾਉਣਗੇ ਤਾਂ ਜੋ ਪੰਜਾਬ ਦਾ ਕੋਈ ਭਲਾ ਹੋ ਸਕੇ।" ਇਹ ਗੱਲ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਹੀ ਹੈ। ਦਰਅਸਲ ਸੁਖਬੀਰ ਬਾਦਲ ਨੇ ਸਿੱਧੂ ਨੂੰ ਮਨੁੱਖੀ ਬੰਬ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਸਿੱਧੂ ਕਾਂਗਰਸ ਵਿੱਚ ਜਾ ਕੇ ਅਜਿਹਾ ਧਮਾਕਾ ਕਰਨਗੇ ਕਿ ਕਾਂਗਰਸ ਖੇਰੂੰ-ਖੇਰੂੰ ਹੋ ਜਾਵੇਗੀ।

ਇਸ ਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਰਕਾਰ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਵੱਖ-ਵੱਖ ਪ੍ਰਾਜੈਕਟਾਂ ਦੇ ਉਦਘਾਟਨ ਕਰਕੇ ਬੇਵਕੂਫ ਬਣਾ ਰਹੀ ਹੈ। ਲੋਕ ਹੁਣ ਜਾਗਰੂਕ ਹੋ ਚੁੱਕੇ ਹਨ। ਇਨ੍ਹਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ।
ਸਿੱਧੂ ਨੇ ਕਿਸੇ ਵੇਲੇ ਉਨ੍ਹਾਂ ਦੇ ਬਹੁਤ ਹੀ ਕਰੀਬੀ ਰਹਿ ਚੁੱਕੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਵਿਸ਼ਵਾਸ਼ਘਾਤੀ ਤੱਕ ਕਿਹਾ ਦਿੱਤਾ। ਉਨ੍ਹਾਂ ਕਿਹਾ ਕੇ ਨਵਜੋਤ ਸਿੱਧੂ ਨੇ ਜੋਸ਼ੀ ਨੂੰ ਇੱਥੋਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਪਰ ਜੋਸ਼ੀ ਅੱਜ ਉਨ੍ਹਾਂ ਦੇ ਹੀ ਖਿਲਾਫ ਬੋਲ ਰਹੇ ਹਨ। ਇਸ ਤੋਂ ਸਾਫ ਹੈ ਕੇ ਉਹ ਵਿਸ਼ਵਾਸਘਾਤੀ ਹਨ ਤੇ ਅਜਿਹੇ ਲੋਕਾਂ ਨੂੰ ਸਿੱਧੂ ਜੋੜਾ ਕਦੇ ਵੀ ਪਸੰਦ ਨਹੀਂ ਕਰਦਾ।