ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਰਬੱਤ ਖ਼ਾਲਸਾ ਦੇ ਪ੍ਰਬੰਧਕਾਂ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਪ੍ਰਬੰਧਕਾਂ ਨੇ ਇਲਜ਼ਾਮ ਲਾਇਆ ਹੈ ਕਿ ਸਰਕਾਰ ਪ੍ਰਬੰਧਕਾਂ ਨੂੰ ਨਾਜਾਇਜ਼ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਪ੍ਰਬੰਧਕਾਂ ਨੇ ਇਸ ਮਾਮਲੇ ਦੀ ਜਾਂਚ ਮੰਗੀ ਹੈ।

ਪ੍ਰਬੰਧਕਾਂ 'ਚ ਸ਼ਾਮਲ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਤੇ ਜਨਰਲ ਸਕੱਤਰ ਵੱਸਣ ਸਿੰਘ ਜਫਰਵਾਲ ਮੁਲਾਬਕ ਜਥੇਬੰਦੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਜਿਜੇਆਣੀ ਨੂੰ ਬਟਾਲਾ ਤੇ ਗੁਰਦਾਸਪੁਰ ਦੀ ਪੁਲੀਸ ਵੱਲੋਂ ਘਰੋਂ ਚੁੱਕ ਕੇ ਤੰਗ ਪ੍ਰੇਸ਼ਾਨ ਕਰਨ ਦਾ ਯਤਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਰਬੱਤ ਖ਼ਾਲਸਾ ਨੂੰ ਰੋਕਣ ਲਈ ਅਜਿਹਾ ਕੀਤਾ ਗਿਆ ਹੈ।

ਪ੍ਰਬੰਧਕਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਇਸ ਮਾਮਲੇ ਵਿੱਚ ਭਾਰਤ ਦੇ ਚੋਣ ਕਮਿਸ਼ਨ, ਰਾਜਪਾਲ ਤੇ ਆਈ.ਜੀ. ਬਾਰਡਰ ਰੇਂਜ ਨੂੰ ਮਿਲਣ ਤੇ ਸ਼ਿਕਾਇਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਉਹ ਨਿਆਂ ਵਾਸਤੇ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ।

ਉਨ੍ਹਾਂ ਦੱਸਿਆ ਕਿ ਰਾਤ ਜਦੋਂ ਜਿਜੇਆਣੀ ਆਪਣੇ ਘਰ ਵਿੱਚ ਸੁੱਤੇ ਪਏ ਸਨ ਤਾਂ ਦੋ ਜ਼ਿਲ੍ਹਿਆਂ ਦੀ ਪੁਲੀਸ ਘਰ ਦਾ ਦਰਵਾਜ਼ਾ ਤੋੜ ਕੇ ਦਾਖਲ ਹੋਈ ਤੇ ਸੁੱਤੇ ਹੋਏ ਸਿੱਖ ਆਗੂ ਨੂੰ ਜਬਰੀ ਗੱਡੀ ਵਿੱਚ ਸੁੱਟ ਕੇ ਲੈ ਗਈ। ਇਸ ਕਾਰਵਾਈ ਦੌਰਾਨ ਘਰ ਦੀਆਂ ਔਰਤਾਂ ਨਾਲ ਵੀ ਬਦਸਲੂਕੀ ਕੀਤੀ ਗਈ। ਉਨ੍ਹਾਂ ਨੂੰ ਮੁਲਜ਼ਮਾਂ ਵਾਂਗ ਥਾਣੇ ਲਿਜਾਇਆ ਗਿਆ ਤੇ ਕਾਰ ਚੋਰੀ ਕਰਨ ਦਾ ਦੋਸ਼ ਲਾਇਆ ਗਿਆ।