ਚੰਡੀਗੜ੍ਹ: ਸਾਬਕਾ ਸਾਂਸਦ ਨਵਜੋਤ ਸਿੰਘ ਸਿੱਧੂ ਅਚਨਚੇਤ ਬੀਜੇਪੀ ਨੂੰ ਅਲਵਿਦਾ ਕਹਿ ਕੇ ਹੀਰੋ ਵਜੋਂ ਉੱਭਰੇ ਸਨ ਪਰ ਆਪਣੀ ਅਗਲੀ ਰਣਨੀਤੀ ਸਪਸ਼ਟ ਨਾ ਕਰਨ ਕਰਗੇ ਉਨ੍ਹਾਂ ਦਾ ਜਲਵਾ ਮੱਠਾ ਪੈਣ ਲੱਗਾ ਹੈ। ਸਿੱਧੂ ਨੇ ਦਾਅਵਾ ਕੀਤਾ ਸੀ ਕਿ ਉਹ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ ਤੇ ਬੀਜੇਪੀ ਉਨ੍ਹਾਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣਾ ਚਾਹੁੰਦੀ ਸੀ। ਪਿਛਲੇ ਸਮੇਂ ਦੌਰਾਨ ਸਿੱਧੂ ਕਦੇ ਕਾਂਗਰਸ ਤੇ ਕਦੇ ਆਮ ਆਦਮੀ ਪਾਰਟੀ ਨਾਲ 'ਸੌਦੇਬਾਜ਼ੀ' ਕਰ ਰਹੇ ਹਨ, ਉਸ ਨਾਲ ਉਨ੍ਹਾਂ ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਹੋ ਗਏ ਹਨ। ਸਿੱਧੂ ਨੂੰ ਸੁਪਰੀਮ ਕੋਰਟਾ ਦਾ ਝਟਕਾ ਲੱਗਣ ਤੋਂ ਬਾਅਦ ਹੁਣ ਇਹ ਸਵਾਲ ਖੜ੍ਹਾ ਹੋਇਆ ਹੈ ਕਿ ਕੇਸ ਵਿੱਚ ਘਿਰੇ ਸਿੱਧੂ ਨੂੰ ਕਾਂਗਰਸ ਜਾਂ ਆਮ ਆਦਮੀ ਪਾਰਟੀ ਅਪਣਾਏਗੀ। ਦਿਲਚਸਪ ਗੱਲ ਹੈ ਕਿ ਸਿੱਧੂ ਖਿਲਾਫ ਕੇਸ ਵੀ ਕਾਂਗਰਸੀ ਲੀਡਰ ਓਮ ਪ੍ਰਕਾਸ਼ ਸੋਨੀ ਨੇ ਕੀਤਾ ਹੋਇਆ ਹੈ। ਸੋਨੀ ਨੇ ਲੋਕ ਸਭਾ ਚੋਣਾਂ ਵਿੱਚ ਤੈਅ ਹੱਦ ਤੋਂ ਵੱਧ ਖਰਚ ਤੇ ਮਨਪਸੰਦ ਰਿਟਰਨਿੰਗ ਅਫਸਰ ਦੇ ਤਬਾਦਲੇ ਨੂੰ ਲੈ ਕੇ ਸਿੱਧੂ ਖਿਲਾਫ ਕੇਸ ਕੀਤਾ ਸੀ। ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਕੇਸ ਦਾ ਟਰਾਇਲ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਚਲਾਉਣ ਦਾ ਹੁਕਮ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਿੱਧੂ ਨੇ ਹਾਈਕੋਰਟ ਦੇ 2010 ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਸਿੱਧੂ ਖਿਲਾਫ 2009 ਲੋਕ ਸਭਾ ਚੋਣਾਂ ਵਿੱਚ 25 ਲੱਖ ਰੁਪਏ ਤੋਂ ਵੱਧ ਖਰਚ ਕਰਨ ਦਾ ਕੇਸ ਚੱਲ ਰਿਹਾ ਹੈ। ਸਿੱਧੂ ਨੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਓਮ ਪ੍ਰਕਾਸ਼ ਸੋਨੀ ਨੂੰ ਹਰਾ ਦਿੱਤਾ ਸੀ। ਹੁਣ ਤੱਕ ਇੱਕ ਪਾਸੇ ਕਾਂਗਰਸ ਦਾਅਵਾ ਕਰ ਰਹੀ ਹੈ ਕਿ ਦੀਵਾਲੀ ਤੱਕ ਸਿੱਧੂ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ, ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਦਾਅਵਾ ਕੀਤਾ ਹੈ ਕਿ ਸਿੱਧੂ ਨਾਲ ਗੱਲਬਾਤ ਚੱਲ ਰਹੀ ਹੈ। ਸੂਤਰਾਂ ਮੁਤਾਬਕ ਬੁੱਧਵਾਰ ਨੂੰ ਆਏ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਮੀਕਰਨਾਂ ਬਦਲ ਸਕਦੀਆਂ ਹਨ। ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚ ਚਰਚਾ ਛਿੜ ਗਈ ਹੈ ਕਿ ਸਿੱਧੂ ਨੂੰ ਨਾਲ ਲੈਣ ਕਰਕੇ ਕਿਤੇ ਨੁਕਸਾਨ ਹੀ ਨਾ ਹੋ ਜਾਏ।