ਚੰਡੀਗੜ੍ਹ: ਚੋਣ ਕਮਿਸ਼ਨ ਲਈ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਕਰਾਉਣੀਆਂ ਵੱਡੀ ਚੁਣੌਤੀ ਹੈ। ਪੰਜਾਬ ਵਿੱਚ ਪਹਿਲੀ ਵਾਰ ਹੈ ਕਿ ਸਿਆਸੀ ਪਾਰਟੀਆਂ ਵਿਚਾਲੇ ਤਿੱਖੇ ਟਕਰਾਅ ਵਾਲੇ ਹਾਲਾਤ ਹਨ। ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਦੀ ਬਿਆਨਬਾਜ਼ੀ ਨੂੰ ਚੋਣ ਕਮਿਸ਼ਨ ਨੇੜਿਓਂ ਵਾਚ ਰਿਹਾ ਹੈ। ਚੋਣ ਕਮਿਸ਼ਨ ਕੋਲ ਕਈ ਸ਼ਿਕਾਇਤਾਂ ਵੀ ਪੁੱਜੀਆਂ ਹਨ।
ਦਰਅਸਲ ਪੰਜਾਬ ਦੀ ਸਿਆਸਤ ਵਿੱਚ ਆਮ ਆਦਮੀ ਪਾਰਟੀ ਦੀ ਆਮਦ ਕਰਕੇ ਸਿਆਸੀ ਮਾਹੌਲ ਪੂਰਾ ਭਖਿਆ ਹੋਇਆ ਹੈ। ਆਮ ਆਦਮੀ ਪਾਰਟੀ ਨੇ ਸੱਤਾ ਵਿਰੋਧੀ ਵੋਟ ਦਾ ਕਾਫੀ ਹਿੱਸਾ ਆਪਣੇ ਵੱਲ ਖਿੱਚ ਕੇ ਕਾਂਗਰਸ ਨੂੰ ਵਖ਼ਤ ਪਾ ਦਿੱਤਾ ਹੈ। ਕਾਂਗਰਸ ਖਾਸਕਰ ਕੈਪਟਨ ਅਮਰਿੰਦਰ ਸਿੰਘ ਲਈ ਇਹ ਚੋਣਾਂ ਵੱਕਾਰ ਦਾ ਸਵਾਲ ਹਨ। ਉਂਝ ਆਮ ਆਦਮੀ ਪਾਰਟੀ ਲਈ ਵੀ ਪੰਜਾਬ ਚੋਣਾਂ ਵੱਡੀ ਚੁਣੌਤੀ ਹਨ। ਦਿੱਲੀ ਤੋਂ ਬਾਅਦ ਪੰਜਾਬ ਚੋਣਾਂ ਹੀ ਇਸ ਨਵੀਂ ਪਾਰਟੀ ਦਾ ਭਵਿੱਖ ਤੈਅ ਕਰਨਗੀਆਂ।
ਦੂਜੇ ਪਾਸੇ ਦਹਾਕੇ ਤੋਂ ਸੱਤਾ ਦਾ ਅਨੰਦ ਮਾਣ ਰਹੇ ਅਕਾਲੀ ਦਲ-ਬੀਜੇਪੀ ਗੱਠਜੋੜ ਖਿਲਾਫ ਸੱਤਾ ਵਿਰੋਧੀ ਹਵਾ ਸਿਖਰਾਂ 'ਤੇ ਹੈ। ਅਕਾਲੀ ਦਲ ਨੂੰ ਡਰ ਹੈ ਕਿ ਆਮ ਆਦਮੀ ਪਾਰਟੀ ਦੀ ਚੜ੍ਹਤ ਨਾਲ ਪੰਜਾਬ ਵਿੱਚੋਂ ਉਨ੍ਹਾਂ ਦੇ ਆਧਰ ਨੂੰ ਵੱਡੀ ਸੱਟ ਵੱਜ ਰਹੀ ਹੈ। ਸਿਆਸੀ ਮਾਹਿਰਾਂ ਮੁਤਾਬਕ ਅਕਾਲੀ ਦਲ ਆਮ ਆਦਮੀ ਪਾਰਟੀ ਦੀ ਬਜਾਏ ਕਾਂਗਰਸ ਨੂੰ ਸੱਤਾ ਵਿੱਚ ਆਉਣ ਨੂੰ ਲਾਹੇਵੰਦ ਮੰਨਦਾ ਹੈ।
ਇਸ ਕਰਕੇ ਸਿਆਸੀ ਟਕਰਾਅ ਵੀ ਸਿਖਰਾਂ 'ਤੇ ਹੈ। ਚੋਣ ਕਮਿਸ਼ਨ ਨੇ ਵੀ ਤਿਆਰੀ ਖਿੱਚ ਲਈ ਹੈ। ਚੋਣ ਕਮਿਸ਼ਨ ਨੇ ਥਾਣਾ ਪੱਧਰ ਤੱਕ ਅਪਰਾਧਿਕ ਸਰਗਰਮੀਆਂ, ਨਸ਼ਿਆਂ ਦੀ ਸਮਗਲਿੰਗ ਤੇ ਅਪਰਾਧੀਆਂ ਬਾਰੇ ਸਮੀਖਿਆ ਕਰਨ ਦਾ ਫ਼ੈਸਲਾ ਕੀਤਾ ਹੈ। ਮੁੱਖ ਚੋਣ ਅਧਿਕਾਰੀ ਵਿਜੈ ਕੁਮਾਰ ਸਿੰਘ ਤੇ ਉਪ ਚੋਣ ਕਮਿਸ਼ਨਰ ਸੰਦੀਪ ਸਕਸੈਨਾ ਵੱਲੋਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ ਅਤੇ ਬਠਿੰਡਾ ਆਦਿ ਥਾਵਾਂ ’ਤੇ ਪਹੁੰਚ ਕੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਥਾਣਾ ਮੁਖੀਆਂ (ਐਸਐਚਓਜ਼) ਤੋਂ ਤੱਥ ਹਾਸਲ ਕਰ ਕੇ ਚੋਣਾਂ ਦੌਰਾਨ ਅਪਰਾਧੀਆਂ ਅਤੇ ਸਮਗਲਿੰਗ ਵਰਗੇ ਮਸਲਿਆਂ ਨਾਲ ਨਜਿੱਠਣ ਦੀ ਰਣਨੀਤੀ ਬਣਾਈ ਜਾਏਗੀ