ਚੰਡੀਗੜ੍ਹ: ਕਿਸਾਨੀ ਦੀਆਂ ਸਮੱਸਿਆਵਾਂ ਦੇ ਮੁੱਦੇ ਉੱਤੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਸ ਤਹਿਤ ਪਾਰਟੀ ਨੇ ਅੱਜ ਜ਼ਿਲ੍ਹਾ ਪੱਧਰ ਉੱਤੇ ਵੱਖ-ਵੱਖ ਮੰਡੀਆਂ ਵਿੱਚ ਝੋਨੇ ਦੀ ਵਿੱਕਰੀ ਨਾ ਹੋਣ ਕਾਰਨ ਤੇ ਕਿਸਾਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਮੁੱਦੇ ਉੱਤੇ ਗੱਲਬਾਤ ਕੀਤੀ ਤੇ ਧਰਨੇ ਦਿੱਤੇ।


ਪਾਰਟੀ ਨੇ ਇਲਜ਼ਾਮ ਲਾਇਆ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਮੰਡੀਆਂ ਵਿੱਚ ਝੋਨੇ ਦੀ ਸਹੀ ਵਿਕਰੀ ਨਹੀਂ ਹੋ ਰਹੀ ਤੇ ਨਾ ਹੀ ਫ਼ਸਲ ਦੀ ਅਦਾਇਗੀ ਹੋ ਰਹੀ ਹੈ। ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਇਆ ਕਿ ਕਿਸਾਨਾਂ ਦੀ ਫ਼ਸਲ ਦੀ ਸਹੀ ਤਰੀਕੇ ਨਾਲ ਖ਼ਰੀਦ ਨਹੀਂ ਹੋ ਰਹੀ ਤੇ ਨਾ ਹੀ ਉਨ੍ਹਾਂ ਨੂੰ ਫ਼ਸਲ ਦੀ ਅਦਾਇਗੀ ਮਿਲ ਰਹੀ ਹੈ। ਇਸ ਕਰਕੇ ਕਿਸਾਨ ਖ਼ੁਦਕੁਸ਼ੀ ਦੇ ਰਾਹ ਤੁਰ ਪਿਆ ਹੈ।

ਆਮ ਆਦਮੀ ਪਾਰਟੀ ਅਨੁਸਾਰ ਪੰਜਾਬ ਦਾ ਕਿਸਾਨ ਇਸ ਸਮੇਂ ਸਭ ਤੋਂ ਮਾੜੀ ਹਾਲਤ ਵਿੱਚ ਹੈ। ਫ਼ਸਲ ਦਾ ਸਹੀ ਮੁੱਲ ਨਾ ਮਿਲਣ ਕਾਰਨ ਉਹ ਪਹਿਲਾਂ ਹੀ ਪ੍ਰੇਸ਼ਾਨ ਸੀ। ਦੂਜੇ ਹੁਣ ਪਾਲੀ ਹੋਈ ਫ਼ਸਲ ਦੀ ਖ਼ਰੀਦ ਨਾ ਹੋਣ ਕਾਰਨ ਉਸ ਨੂੰ ਮੰਡੀਆਂ ਵਿੱਚ ਰੁਲਣਾ ਪੈ ਰਿਹਾ ਹੈ। ਲੁਧਿਆਣਾ ਵਿੱਚ ਵੀ 'ਆਪ' ਦੀ ਇਸ ਮੁਹਿੰਮ ਦੀ ਅਗਵਾਈ ਪਾਰਟੀ ਦੇ ਕਿਸਾਨ ਤੇ ਮਜ਼ਦੂਰ ਵਿੰਗ ਦੇ ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ ਨੇ ਕੀਤੀ। ਇਸ ਦੌਰਾਨ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀ ਸਮੱਸਿਆਵਾਂ ਸੁਣੀਆਂ।

ਦੂਜੇ ਪਾਸੇ ਜਲੰਧਰ ਵਿੱਚ ਪਾਰਟੀ ਦਾ ਪ੍ਰਦਰਸ਼ਨ ਪ੍ਰੋਗਰਾਮ ਠੁੱਸ ਹੋ ਗਿਆ। ਇੱਥੋਂ ਦੀ ਅਨਾਜ ਮੰਡੀ ਵਿੱਚ ਧਰਨਾ ਦੇਣ ਲਈ ਪਾਰਟੀ ਦੇ ਦੋ ਉਮੀਦਵਾਰ ਤੇ ਜ਼ੋਨ ਇੰਚਾਰਜ ਆਪਣੇ 20 ਸਮਰਥਕਾਂ ਨਾਲ ਪਹੁੰਚੇ। ਪਾਰਟੀ ਨੇ ਸਰਕਾਰ ਵਿਰੁੱਧ ਭੜਾਸ ਕੱਢਣ ਲਈ ਧਰਨਾ ਵੀ ਲਾਇਆ ਤੇ ਅੱਧਾ ਘੰਟਾ ਮਾਈਕ ਉੱਤੇ ਭਾਸ਼ਣ ਵੀ ਦਿੱਤਾ। ਫਿਰ ਕੋਈ ਕਿਸਾਨ ਆਮ ਆਦਮੀ ਪਾਰਟੀ ਦੇ ਧਰਨੇ ਵਿੱਚ ਸ਼ਾਮਲ ਨਹੀਂ ਹੋਇਆ।

ਧਰਨੇ ਵਿੱਚ ਪਾਰਟੀ ਦੇ ਜਲੰਧਰ ਵੈਸਟ ਤੋਂ ਉਮੀਦਵਾਰ ਦਰਸ਼ਨ ਲਾਲ ਭਗਤ ਤੇ ਜਲੰਧਰ ਨਾਰਥ ਤੋਂ ਗੁਲਸ਼ਨ ਸ਼ਰਮਾ ਵੀ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਆਖਿਆ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਕਿਸਾਨ ਮੰਡੀਆਂ ਵਿੱਚ ਰੁਲਣ ਲਈ ਤਿਆਰ ਹੈ।