ਚੰਡੀਗੜ੍ਹ: 10 ਨਵੰਬਰ ਨੂੰ 'ਸਰਬੱਤ ਖਾਲਸਾ' ਦੇ ਇਕੱਠ ਲਈ ਥਾਂ ਦੀ ਮਨਜ਼ੂਰੀ ਲਈ 'ਸਰਬੱਤ ਖਾਲਸਾ' ਦੇ ਆਗੂਆਂ ਵੱਲੋਂ ਪੰਜਾਬ-ਹਰਿਆਣਾ ਹਾਈਕੋਰਟ 'ਚ ਪਾਈ ਪਟੀਸ਼ਨ 'ਤੇ ਅੱਜ ਫੈਸਲਾ ਆ ਜਾਵੇਗਾ। 'ਸਰਬੱਤ ਖਾਲਸਾ' ਦੇ ਆਗੂਆਂ ਮੁਤਾਬਕ ਜੇ ਹਾਈਕੋਰਟ ਨੇ ਮਨਜ਼ੂਰੀ ਦੇ ਦਿੱਤੀ ਤਾਂ ਤਲਵੰਡੀ ਸਾਬੋ ਵਿਖੇ ਹੀ 'ਸਰਬੱਤ ਖਾਲਸਾ' ਹੋਵੇਗਾ। ਜੇ ਪਟੀਸ਼ਨ ਖਾਰਜ ਹੋ ਜਾਂਦੀ ਹੈ ਤਾਂ 'ਸਰਬੱਤ ਖਾਲਸਾ' ਹਰਿਆਣਾ ਵਿੱਚ ਕਰਵਾਇਆ ਜਾਵੇਗਾ ਪਰ 'ਸਰਬੱਤ ਖਾਲਸਾ' ਹਰ ਹਾਲ ਚ ਹੋ ਕੇ ਰਹੇਗਾ।


ਫਿਲਹਾਲ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਹੀ ਅਗਲੀ ਰਣਨੀਤੀ ਤੈਅ ਹੋਵੇਗੀ। ਹਾਲਾਂਕਿ ਬੀਤੇ ਦਿਨ ਜ਼ਿਲ੍ਹਾ ਮੈਜਿਸਟ੍ਰੇਟ ਨੇ ਪ੍ਰੈੱਸ ਨੋਟ ਜਾਰੀ ਕਰਕੇ ਸਰਬੱਤ ਖਾਲਸਾ ਦੇ ਇਕੱਠ ਲਈ ਥਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਤਰਕ ਦਿੱਤਾ ਕਿ ਅਮਨ-ਕਾਨੂੰਨ ਤੇ ਸ਼ਾਂਤੀ ਬਰਕਰਾਰ ਰੱਖਣ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।

10 ਨਵੰਬਰ 2015 ਦੇ ਸਰਬੱਤ ਖਾਲਸਾ ਦੀ ਗੱਲ ਕਰੀਏ ਤਾਂ ਪਿੰਡ ਚੱਬਾ ਦੀ ਧਰਤੀ 'ਤੇ ਤਕਰੀਬਨ 20 ਲੱਖ ਖਾਲਸਾ ਇਕੱਠਾ ਹੋਇਆ ਸੀ। ਲੱਖਾਂ ਦੀ ਗਿਣਤੀ ਵਿੱਚ ਪਹੁੰਚੇ ਲੋਕਾਂ ਲਈ ਪ੍ਰਬੰਧ ਵੀ ਭਾਵੇਂ ਬਹੁਤੇ ਪੁਖਤਾ ਨਹੀਂ ਸਨ ਪਰ ਭਾਵਨਾਵਾਂ ਦੇ ਵੇਗ ਵਿੱਚ ਪਹੁੰਚੀ ਸੰਗਤ ਵੱਲੋਂ ਅਮਨ-ਸ਼ਾਂਤੀ ਤੇ ਕਾਨੂੰਨ ਭੰਗ ਕਰਨ ਵਾਲੀ ਕਿਸੇ ਵੀ ਪ੍ਰਕਾਰ ਦੀ ਕੋਈ ਹਰਕਤ ਨਹੀਂ ਕੀਤੀ ਸੀ। ਸਾਰਾ ਸਮਾਗਮ ਬਹੁਤ ਸ਼ਾਂਤੀ ਨਾਲ ਨੇਪਰੇ ਚੜਿਆ ਸੀ।