ਜਲੰਧਰ: ਵਿਧਾਨ ਸਭਾ ਚੋਣਾਂ ਨੇੜੇ ਹੋਣ ਕਰਕੇ ਲੋਕਾਂ ਦੇ ਗੁੱਸੇ ਦਾ ਉਬਾਲ ਸਿਖਰ 'ਤੇ ਹੈ। ਇਸ ਦੀ ਮਿਸਾਲ ਅੱਜ ਕਰਤਾਰਪੁਰ ਵਿੱਚ ਵੇਖਣ ਨੂੰ ਮਿਲੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਅੱਜ ਜਿਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਣ ਕਰਨ ਗਏ, ਉਨ੍ਹਾਂ ਦੇ ਹੀ ਰੋਹ ਦਾ ਸ਼ਿਕਾਰ ਹੋਣਾ ਪਿਆ। ਰੋਹ ਇੰਨਾ ਜ਼ਬਰਦਸਤ ਸੀ ਕਿ ਬਾਦਲ ਪ੍ਰੋਗਰਾਮ ਵਿੱਚੇ ਛੱਡ ਕੇ ਚਲੇ ਗਏ। ਦਿਲਚਸਪ ਗੱਲ ਹੈ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਪ੍ਰਗਰਾਮ ਖਤਮ ਹੋਣ ਤੋਂ ਪਹਿਲਾਂ ਹੀ ਜਾ ਚੁੱਕੇ ਸਨ। ਸ਼ਾਇਦ ਉਨ੍ਹਾਂ ਨੂੰ ਇਸ ਵਿਰੋਧ ਦੀ ਬਿਣਕ ਪੈ ਚੁੱਕੀ ਸੀ।
ਦਰਅਸਲ ਅੱਜ ਮੁੱਖ ਮੰਤਰੀ ਬਾਦਲ ਇੱਥੇ 25 ਏਕੜ ਵਿੱਚ ਬਣੇ ਜੰਗ-ਏ-ਆਜ਼ਾਦੀ ਯਾਦਗਾਰ ਦਾ ਉਦਘਾਟਨ ਕਰਨ ਲਈ ਇੱਥੇ ਪਹੁੰਚੇ। ਇਸ ਯਾਦਗਾਰ ਦਾ ਅਜੇ ਸਿਰਫ ਇੱਕ ਹੀ ਹਿੱਸਾ ਬਣਿਆ ਹੈ। ਦੂਜਾ ਹਿੱਸਾ ਮਾਰਚ ਤੱਕ ਤਿਆਰ ਹੋਏਗਾ। ਅੱਜ ਬਾਦਲ ਜਦੋਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਣ ਕਰਨ ਲੱਗੇ ਤਾਂ ਸਟੇਜ਼ ਕੋਲੋਂ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਸੁਰੂ ਹੋ ਗਈ।
ਵਿਰੋਧ ਤੇ ਨਾਅਰੇਬਾਜ਼ੀ ਕਰਕੇ ਬਾਦਲ ਪ੍ਰੋਗਰਾਮ ਵਿਚਾਲੇ ਛੱਡ ਕੇ ਹੀ ਚਲੇ ਗਏ। ਸ਼ਹੀਦਾਂ ਦੇ ਵਾਰਸ ਬਾਅਦ ਵਿੱਚ ਵੀ ਨਾਅਰੇਬਾਜ਼ੀ ਕਰਦੇ ਰਹੇ। ਉਨ੍ਹਾਂ ਇਲਜ਼ਾਮ ਲਾਇਆ ਕਿ ਬਾਦਲ ਨੇ ਵਾਅਦਾ ਕੀਤਾ ਸੀ ਕਿ ਉਹ 6 ਨਵੰਬਰ ਨੂੰ ਉਨ੍ਹਾਂ ਦੀ ਮੰਗਾਂ ਮੰਨਣ ਦਾ ਐਲਾਨ ਕਰਨਗੇ ਪਰ ਇੱਥੇ ਆਪਣੇ ਹੀ ਸੋਹਲੇ ਪੜ੍ਹਦੇ ਰਹੇ।