ਤਰਨ ਤਾਰਨ: ਜੰਮੂ ਦੇ ਮੰਡੇਰ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਸ਼ਹੀਦ ਹੋਏ ਗੁਰਸੇਵਕ ਸਿੰਘ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਰਾਣਾ ਵਿੱਚ ਕਰ ਦਿੱਤਾ ਗਿਆ। ਇਸ ਮੌਕੇ ਹਰ ਕਿਸੇ ਦੀ ਅੱਖ ਨਮ ਸੀ। ਅੱਜ ਸਵੇਰੇ ਗੁਰਸੇਵਕ ਸਿੰਘ ਦੀ ਦੇਹ ਜਿਉਂ ਹੀ ਪਿੰਡ ਪਹੁੰਚੀ ਤਾਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਦਾ ਹੜ੍ਹ ਆ ਗਿਆ।
ਗੁਰਸੇਵਕ ਸਿੰਘ 2013 ਵਿੱਚ ਸੈਨਾ ਵਿੱਚ ਭਰਤੀ ਹੋਇਆ ਸੀ ਤੇ ਅਗਲੇ ਸਾਲ 13 ਫਰਵਰੀ ਨੂੰ ਉਸ ਦਾ ਵਿਆਹ ਸੀ। ਅੱਜ ਸਸਕਾਰ ਮੌਕੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਉਸ ਦੀ ਮੰਗੇਤਰ ਵੀ ਸ਼ਾਮਲ ਸੀ। ਪਰਿਵਾਰ ਵਾਲਿਆਂ ਅਨੁਸਾਰ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸ ਦੌਰਾਨ ਗੁਰਸੇਵਕ ਦੇ ਜਾਣ ਦੀ ਖ਼ਬਰ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ।
ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇਵੇ। ਯਾਦ ਰਹੇ ਕਿ ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਦੋ ਭਾਰਤੀ ਸੈਨਿਕ ਐਤਵਾਰ ਨੂੰ ਸ਼ਹੀਦ ਹੋ ਗਏ ਸਨ। ਇਨ੍ਹਾਂ ਵਿੱਚੋਂ ਗੁਰਸੇਵਕ ਸਿੰਘ ਵੀ ਸ਼ਾਮਲ ਸੀ। ਗੁਰਸੇਵਕ ਸਿੰਘ 22 ਸਿੱਖ ਰੈਜੀਮੈਂਟ ਵਿੱਚ ਭਰਤੀ ਸੀ ਤੇ ਉਹ ਕ੍ਰਿਸ਼ਨਾ ਘਾਟੀ ਸੈਕਟਰ ਵਿੱਚ ਤਾਇਨਾਤ ਸੀ।